ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਸਤੰਬਰ
ਪਸ਼ੂ ਪਾਲਣ ਵਿਭਾਗ ਨੇ ਸੂਬੇ ਵਿੱਚ ਪਸ਼ੂਆਂ ਦੀ ਨਸਲ ’ਚ ਸੁਧਾਰ ਕਰ ਕੇ ਦੁੱਧ ਦੇ ਉਤਪਾਦਨ ਅਤੇ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਉਦੇਸ਼ ਨਾਲ ਸਾਲਾਨਾ 30 ਲੱਖ ਦੁਧਾਰੂ ਪਸ਼ੂਆਂ ਦੇ ਮਸਨੂਈ ਗਰਭਧਾਰਨ ਦਾ ਟੀਚਾ ਮਿੱਥਿਆ ਹੈ। ਇਹ ਗੱਲ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਖੀ। ਉਨ੍ਹਾਂ ਕਿਹਾ ਕਿ ਸੂਬੇ ’ਚ ਨਾਭਾ ਤੇ ਰੋਪੜ ਵਿਖੇ ਦੋ ਸੀਮਨ ਸਟੇਸ਼ਨ ਹਨ। ਚੰਗੀ ਗੁਣਵੱਤਾ ਦੇ ਵੀਰਜ ਉਤਪਾਦਨ ਲਈ ਨਾਭਾ ਦੇ ਏ-ਗਰੇਡ ਸੀਮਨ ਸਟੇਸ਼ਨ ’ਤੇ 93 ਅਤੇ ਰੋਪੜ ਦੇ ਬੀ-ਗਰੇਡ ਸੀਮਨ ਸਟੇਸ਼ਨ ’ਤੇ 46 ਸਾਨ੍ਹ ਰੱਖੇ ਗਏ ਹਨ। ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਲਈ ਡੇਅਰੀ ਪਸ਼ੂਧਨ ਦੀਆਂ ਪ੍ਰਜਣਨ ਅਤੇ ਦੁੱਧ ਚੁਆਈ ਸਣੇ ਵੱਖ-ਵੱਖ ਗਤੀਵਿਧੀਆਂ ਦੀ ਸਹੀ ਨਿਗਰਾਨੀ ਅਤੇ ਰਿਕਾਰਡਿੰਗ ਲਈ ਮਜ਼ਬੂਤ ਪ੍ਰਣਾਲੀ ਸਥਾਪਤ ਕੀਤੀ ਹੈ।