ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਅਕਤੂਬਰ
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਕਰਕੇ ਸ਼ੁਰੂ ਤੋਂ ਹੀ ਇੱਥੇ ਧਰਨੇ-ਮੁਜ਼ਾਹਰੇ ਹੁੰਦੇ ਰਹੇ ਪਰ ਸਾਲ ਭਰ ਤੋਂ ਇਹ ਰੁਝਾਨ ਵਧ ਗਿਆ ਸੀ, ਜਿਸ ਕਰਕੇ ਉਨ੍ਹਾਂ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦੁਆਲੇ ਦਿਨ-ਰਾਤ ਹੀ ਸੈਂਕੜੇ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਰਹਿਣ ਲੱਗੀ ਸੀ। ਅਮਰਿੰੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਮਗਰੋਂ ਧਰਨਿਆਂ ਨੂੰ ਠੱਲ੍ਹ ਪੈਣ ਕਰਕੇ ਅਜਿਹੀ ਫੋਰਸ ਤਾਂ ਭਾਵੇਂ ਪਹਿਲਾਂ ਹੀ ਹਟਾ ਲਈ ਗਈ ਸੀ ਪਰ ਹੁਣ ਨਿਊ ਮੋਤੀ ਬਾਗ ਪੈਲੇਸ ਦੇ ਚਾਰੇ ਖੂੰਜਿਆਂ ’ਚ ਸਾਢੇ ਚਾਰ ਸਾਲਾਂ ਤੋਂ ਪੱਕੀਆਂ ਪੋਸਟਾਂ ਬਣਾ ਕੇ ਬੈਠੇ ਦਰਜਨਾਂ ਪੁਲੀਸ ਮੁਲਾਜ਼ਮ ਵੀ ਸਰਕਾਰ ਨੇ ਵਾਪਸ ਬੁਲਾ ਲਏ ਹਨ।
ਅਮਰਿੰਦਰ ਸਿੰਘ ਪਟਿਆਲਾ ਰਿਆਸਤ ਦੇ ਅੰਤਲੇ ਅਧਿਕਾਰਤ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਣੀ ਮਹਿੰਦਰ ਕੌਰ ਦੇ ਪੁੱਤਰ ਹਨ। ਇਨ੍ਹਾਂ ਦੀ ਨਿੱਜੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ 35 ਏਕੜ ਵਿੱਚ ਹੈ। ਭਾਵੇਂ ਕਿ ਅਮਰਿੰਦਰ ਸਿੰਘ 1980 ’ਚ ਸੰਸਦ ਮੈਂਬਰ, 1985 ਵਿੱਚ ਤਲਵੰਡੀ ਸਾਬੋ ਦੇ ਵਿਧਾਇਕ ਵਜੋਂ ਬਰਨਾਲਾ ਸਰਕਾਰ ’ਚ ਮੰਤਰੀ ਅਤੇ 1992 ’ਚ ਸਮਾਣਾ ਤੋਂ ਵਿਧਾਇਕ ਵੀ ਬਣੇ ਪਰ ‘ਨਿਊ ਮੋਤੀ ਬਾਗ ਪੈਲੇਸ’ ਨੇੜੇ ਵਧੇਰੇ ਸੁਰੱਖਿਆ ਦਸਤਿਆਂ ਦੀ ਤਾਇਨਾਤੀ 2002 ’ਚ ਉਨ੍ਹਾਂ ਦੇ ਪਹਿਲੀ ਵਾਰ ਮੁੱਖ ਮੰਤਰੀ ਬਣਨ ’ਤੇ ਹੋਈ ਸੀ। ਫਿਰ ਉਹ 2007 ਅਤੇ 2012 ’ਚ ਵੀ ਪਟਿਆਲਾ ਤੋਂ ਵਿਧਾਇਕ ਅਤੇ 2014 ’ਚ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣੇ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਕੇਂਦਰ ’ਚ ਇੱਕ ਵਾਰ ਵਿਦੇਸ਼ ਰਾਜ ਮੰਤਰੀ ਬਣਨ ਸਮੇਤ ਹੁਣ ਚੌਥੀ ਵਾਰ ਸੰਸਦ ਮੈਂਬਰ ਹਨ ਪਰ ਮੋਤੀ ਮਹਿਲ ਦੁਆਲੇ ਮੁੜ ਤੋਂ ਸੁਰੱਖਿਆ ਘੇਰਾ ਕੈਪਟਨ ਦੇ 2017 ’ਚ ਮੁੱਖ ਮੰਤਰੀ ਬਣਨ ’ਤੇ ਵਧਿਆ ਸੀ। ਇਸ ਦੌਰਾਨ ਸਾਰੇ ਸਮਿਆਂ ਤੋਂ ਵੱਧ ਸੁਰੱਖਿਆ ਦਸਤਾ ਤਾਇਨਾਤ ਰਿਹਾ।
ਹੁਣ ਤੱਕ ਮਹਿਲ ਦੇ ਚਾਰੇ ਖੂੰਜਿਆਂ ’ਚ ਚੌਵੀ ਘੰਟੇ ਪੁਲੀਸ ਤਾਇਨਾਤ ਰਹਿੰਦੀ ਰਹੀ, ਜਿਸ ਕਰਕੇ ਪੁਲੀਸ ਮੁਲਜ਼ਮਾਂ ਲਈ ਮਹਿਲ ਦੇ ਚਾਰੇ ਖੂੰਜਿਆਂ ’ਚ ਟੈਂਟ ਅਤੇ ਟੀਨਾਂ ਆਦਿ ਜ਼ਰੀਏ ਆਰਜ਼ੀ ਪੁਲੀਸ ਪੋਸਟਾਂ ਵੀ ਬਣਾਉਣੀਆਂ ਪਈਆਂ। ਸ਼ੁਰੂ ’ਚ ਤਾਂ ਇਨ੍ਹਾਂ ਚਾਰੇ ਪੋਸਟਾਂ ’ਚ ਅੱਠ-ਅੱਠ ਪੁਲੀਸ ਮੁਲਾਜ਼ਮ ਹੀ ਤਾਇਨਾਤ ਰਹੇ ਪਰ ਅੰਤਲੇ ਸਾਲ ਮੁਲਾਜ਼ਮਾਂ ਦੀ ਗਿਣਤੀ ਵੀਹ-ਵੀਹ ਤੱਕ ਵੀ ਅੱਪੜਦੀ ਰਹੀ। ਉਂਜ ਇਨ੍ਹਾਂ ਮੁਲਾਜ਼ਮਾਂ ਕੋਲ ਬੈਰੀਕੇਡ ਆਸ ਪਾਸੇ ਕਰਨ ਤੋਂ ਬਿਨਾਂ ਹੋਰ ਬਹੁਤਾ ਕੰਮ ਨਹੀਂ ਹੁੰਦਾ ਸੀ ਪਰ ਕੁੱਝ ਦਿਨ ਪਹਿਲਾਂ ਮਹਿਲ ਦੇ ਪਿਛਲੇ ਦੋਵੇਂ ਖੂੰਜਿਆਂ ਤੋਂ ਪੁਲੀਸ ਮੁਲਾਜ਼ਮ ਹਟਾ ਲਏ ਗਏ ਹਨ।
ਪੁਲੀਸ ਨੇ ਆਪਣਾ ਸਾਜ਼ੋ-ਸਾਮਾਨ ਵੀ ਚੁੱਕਿਆ
ਪੁਲੀਸ ਆਪਣਾ ਸਾਜ਼ੋ-ਸਾਮਾਨ ਵੀ ਚੁੱਕ ਕੇ ਲੈ ਗਈ। ਖਾਸ ਕਰਕੇ ਮਹਿਲ ਦੇ ਪਿੱਛੇ ਸਥਿਤ ਇਹ ਆਰਜ਼ੀ ਪੁਲੀਸ ਪੋਸਟਾਂ ਸੁੰਨੀਆਂ ਪਈਆਂ ਹਨ। ਮੂਹਰਲੇ ਖੂੰਜਿਆਂ ’ਚ ਜ਼ਰੂਰ ਹਾਲੇ ਕੁਝ ਕੁ ਮੁਲਾਜ਼ਮ ਤਾਇਨਾਤ ਹਨ। ਉਹ ਵੀ ਸ਼ਾਇਦ ਇਸ ਕਰਕੇ ਕਿਉਂਕਿ ਮਹਿਲ ਦੇ ਬਿਲਕੁਲ ਸਾਹਮਣੇ ਹੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਵੀ ਹੈ। ਉਂਜ ਮੋਤੀ ਮਹਿਲ ਦੇ ਮੁੱਖ ਗੇਟ ਅਤੇ ਅੰਦਰਲੇ ਪਾਸਿਓਂ ਵੀ ਵਧੇਰੇ ਪੁਲੀਸ ਮੁਲਾਜ਼ਮ ਹਟਾ ਲਏ ਗਏ ਹਨ। ਪਟਿਆਲਾ ਪੁਲੀਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।