ਦਵਿੰਦਰ ਪਾਲ
ਚੰਡੀਗੜ੍ਹ 6 ਜੁਲਾਈ
ਪੰਜਾਬ ਵਿੱਚ ਸਰਕਾਰ ਦੇ ਹੋਂਦ ’ਚ ਆਉਣ ਦੇ ਸਾਢੇ ਤਿੰਨ ਮਹੀਨਿਆਂ ਬਾਅਦ ਹੀ ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ’ਚ ਹਾਰਨ ਮਗਰੋਂ ਆਮ ਆਦਮੀ ਪਾਰਟੀ ਅਤੇ ਸਰਕਾਰ ਵੱਲੋਂ ਅਕਸ ਸੁਧਾਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਅਫ਼ਸਰਾਂ ਨੂੰ ਪਿੰਡ ਅਤੇ ਸ਼ਹਿਰ ਦੇ ਪੱਧਰ ’ਤੇ ਜਾਣਕਾਰੀ ਇਕੱਤਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਖੁਫ਼ੀਆ ਵਿੰਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੰਗਰੂਰ ਜ਼ਿਮਨੀ ਚੋਣ ਨੇ ਸਰਕਾਰ ਅਤੇ ਪਾਰਟੀ ਨੂੰ ਭਾਰੀ ਨਮੋਸ਼ੀ ਦਿੱਤੀ ਹੈ ਕਿਉਂਕਿ ਤਿੰਨ ਮਹੀਨਿਆਂ ’ਚ ਹਾਕਮ ਪਾਰਟੀਆਂ ਨੂੰ ਆਮ ਤੌਰ ’ਤੇ ਇਸ ਤਰ੍ਹਾਂ ਦੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸਰਕਾਰ ਅਤੇ ਪਾਰਟੀ ਲਈ ਵੱਡਾ ਫਿਕਰ ਕੁੱਝ ਮਹੀਨਿਆਂ ਤੱਕ ਹੋਣ ਵਾਲੀਆਂ ਨਗਰ ਨਿਗਮਾਂ ਦੀਆਂ ਚੋਣਾਂ ਹਨ ਤੇ ਹਾਕਮ ਪਾਰਟੀ ਇਨ੍ਹਾਂ ਚੋਣਾਂ ਤੋਂ ਪਹਿਲਾਂ ਪੈਰਾਂ-ਸਿਰ ਹੋਣਾ ਚਾਹੁੰਦੀ ਹੈ। ਇਸੇ ਤਰ੍ਹਾਂ ਸਿਵਲ ਤੇ ਪੁਲੀਸ ਪ੍ਰਸ਼ਾਸਨ ਵਿੱਚ ਵੱਡੇ ਪੱਧਰ ’ਤੇ ਹੋਈਆਂ ਤਬਦੀਲੀਆਂ ਨੂੰ ਵੀ ਅਕਸ ਸੁਧਾਰਨ ਦੇ ਯਤਨਾਂ ਵੱਜੋਂ ਹੀ ਦੇਖਿਆ ਜਾ ਰਿਹਾ ਹੈ। ਪਿਛਲੇ ਦੋ ਦਿਨਾਂ ਦੌਰਾਨ ਹੀ ਸਰਕਾਰ ਵੱਲੋਂ ਮੁੱਖ ਸਕੱਤਰ, ਡੀਜੀਪੀ ਅਤੇ ਇੰਟੈਲੀਜੈਂਸ ਵਿੰਗ ਦੇ ਮੁਖੀ ਦਾ ਤਬਾਦਲਾ ਕੀਤਾ ਗਿਆ ਹੈ। ਸਰਕਾਰ ਵੱਲੋਂ ਆਉਂਦੇ ਦਿਨਾਂ ਦੌਰਾਨ ਕੁੱਝ ਹੋਰ ਅਹਿਮ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਸਿਵਲ ਤੇ ਪੁਲੀਸ ਅਫ਼ਸਰਾਂ ਨੂੰ ਹਾਕਮ ਪਾਰਟੀ ਦੇ ਵਿਧਾਇਕਾਂ ਦੀ ਗੱਲ ਸੁਣਨ ਦੀਆਂ ਹਦਾਇਤਾਂ ਵੀ ਜ਼ੁਬਾਨੀ ਤੌਰ ’ਤੇ ਦਿੱਤੀਆਂ ਗਈਆਂ ਹਨ। ਸੰਗਰੂਰ ਜ਼ਿਮਨੀ ਚੋਣ ਦੇ ਝਟਕੇ ਤੋਂ ਬਾਅਦ ਸਰਕਾਰ ਨੂੰ ਮੁਢਲੇ ਤੌਰ ’ਤੇ ਇਹੀ ਜਾਣਕਾਰੀ ਮਿਲੀ ਸੀ ਕਿ ਪਾਰਟੀ ਦੇ ਵਿਧਾਇਕਾਂ ਦੀ ਵਰਕਰਾਂ ਤੇ ਵਾਲੰਟੀਅਰਾਂ ਤੋਂ ਦੂਰੀ ਬਣ ਗਈ ਹੈ। ਇਸ ਲਈ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਅਫ਼ਸਰਾਂ ਨੂੰ ਵਿਧਾਇਕਾਂ ਦੇ ਗਿਲੇ ਸੁਣਨ ਅਤੇ ਵਿਧਾਇਕਾਂ ਨੂੰ ਵਰਕਰਾਂ ਦੀਆਂ ਤਕਲੀਫਾਂ ਸੁਣਨ ਅਤੇ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ। ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਅਹੁਦੇਦਾਰਾਂ ਨੂੰ ਸਰਕਾਰ ਵਿੱਚ ਨਿਯੁਕਤੀਆਂ ਦੇਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਪੰਜਾਬ ਪੁਲੀਸ ਦੇ ਖੁਫੀਆ ਵਿੰਗ ਨਾਲ ਸਬੰਧਤ ਅਫ਼ਸਰਾਂ ਦਾ ਦੱਸਣਾ ਹੈ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਹਾਕਮ ਪਾਰਟੀ ਦੇ ਹਾਰ ਦੇ ਕਾਰਨਾਂ ਦਾ ਜਾਇਜਾ ਲੈਣ ਲਈ ਜੋ ਰਿਪੋਰਟਾਂ ਲਈ ਗਈਆਂ ਉਹ ਹੈਰਾਨੀਜਨਕ ਹਨ। ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਲੋਕਾਂ ਨੇ ਸਭ ਤੋਂ ਵੱਡਾ ਗਿਲਾ ਇਹੀ ਪ੍ਰਗਟਾਇਆ ਕਿ ਹਾਕਮ ਪਾਰਟੀ ਦੇ ਆਗੂਆਂ ਨੇ ਚੋਣਾਂ ਜਿੱਤਣ ਤੋਂ ਬਾਅਦ ਲੋਕਾਂ ਤੋਂ ਏਨੀ ਦੂਰੀ ਬਣਾ ਲਈ ਹੈ ਕਿ ਉਹ ਕਿਸੇ ਦਾ ਫੋਨ ਵੀ ਨਹੀਂ ਚੁੱਕਦੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹਾਕਮ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੋਣ ਤੋਂ ਗੁਰੇਜ਼ ਕਰਦੇ ਹਨ। ਹਾਲਾਂਕਿ ਲੋਕਾਂ ਨੇ ‘ਆਪ’ ਸਰਕਾਰ ਦੇ ਹੋਂਦ ’ਚ ਆਉਣ ਤੋਂ ਬਾਅਦ ਸਰਕਾਰੀ ਦਫ਼ਤਰਾਂ ਅੰਦਰ ਹੇਠਲੇ ਪੱਧਰ ’ਤੇ ਭ੍ਰਿਸ਼ਟਾਚਾਰ ਘੱਟ ਹੋਣ ਅਤੇ ਆਮ ਬੰਦੇ ਦੀ ਸੁਣਵਾਈ ਹੋਣ ਦੀ ਗੱਲ ਵੀ ਕਹੀ। ਸ਼ਹਿਰੀ ਖੇਤਰ ਦੇ ਜ਼ਿਆਦਾਤਰ ਲੋਕਾਂ ਨੇ ਖੁਫੀਆ ਵਿੰਗ ਦੇ ਮੁਲਾਜ਼ਮਾਂ ਦੇ ਸਾਹਮਣੇ ਕਾਨੂੰਨ ਵਿਵਸਥਾ ਦੇ ਮਾਮਲੇ ’ਤੇ ਸਰਕਾਰ ਦੀ ਪਕੜ ਨਾ ਹੋਣ ਦੀ ਗੱਲ ਆਖੀ। ਮਾਝਾ, ਮਾਲਵਾ ਅਤੇ ਦੁਆਬਾ ਖਿੱਤੇ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਲੋਕਾਂ ਨੇ ਗੈਂਗਸਟਰਾਂ ਦੀਆਂ ਵਧਦੀਆਂ ਗਤੀਵਿਧੀਆਂ ਅਤੇ ਫਿਰੌਤੀ ਦੀਆਂ ਫੋਨ ਕਾਲਾਂ ’ਤੇ ਚਿੰਤਾ ਪ੍ਰਗਟ ਕੀਤੀ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਪਾਰਟੀ ਵੱਲੋਂ ਵਿਧਾਇਕਾਂ ਨੂੰ ਲੋਕਾਂ ਵਿੱਚ ਵਿਚਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਡੀਜੀਪੀ ਦਾ ਤਬਾਦਲਾ ਕਰਕੇ ਕਾਰਜਕਾਰੀ ਡੀਜੀਪੀ ਨੂੰ ਲੋਕਾਂ ਦਾ ਕਾਨੂੰਨ ਵਿਵਸਥਾ ਵਿੱਚ ਭਰੋਸਾ ਬਹਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਪੰਜਾਬ ਦੀ ਹਾਕਮ ਪਾਰਟੀ ਅਤੇ ਸਰਕਾਰ ਵੱਲੋਂ ਲੋਕਾਂ ਵਿੱਚ ਆਪਣੀ ਭੱਲ ਬਨਾਉਣ, ਵਿਰੋਧੀਆਂ ’ਤੇ ਹਮਲਾਵਰ ਰੁਖ਼ ਅਪਣਾਉਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੋਸ਼ਲ ਮੀਡੀਆ ਦਾ ਵੱਡਾ ਸਹਾਰਾ ਲਿਆ ਜਾ ਰਿਹਾ ਹੈ। ਪਾਰਟੀ ਨੂੰ ਇਹ ਵੀ ਮਹਿਸੂਸ ਹੋਣ ਲੱਗਾ ਹੈ ਕਿ ਕਈ ਵਾਰੀ ਸੋਸ਼ਲ ਮੀਡੀਆ ਦੋਧਾਰੀ ਤਲਵਾਰ ਦਾ ਕੰਮ ਕਰ ਜਾਂਦਾ ਹੈ।