ਚੰਡੀਗੜ੍ਹ, 23 ਸਤੰਬਰ
ਮੁੱਖ ਅੰਸ਼
- ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਦੋ ਗ੍ਰਿਫ਼ਤਾਰ
- ਕੈਨੇਡਾ ਤੇ ਪਾਕਿਸਤਾਨ ਅਧਾਰਿਤ ਗੈਂਗਸਟਰਾਂ ਨਾਲ ਸਬੰਧ ਸਾਹਮਣੇ ਆਏ
ਪੰਜਾਬ ਪੁਲੀਸ ਨੇ ਆਈਐੱਸਆਈ ਦੀ ਹਮਾਇਤ ਪ੍ਰਾਪਤ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਇਸ ਮਾਡਿਊਲ ਨੂੰ ਕੈਨੇਡਾ ਅਧਾਰਿਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਤੇ ਪਾਕਿਸਤਾਨ ਅਧਾਰਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਸਾਂਝੇ ਤੌਰ ’ਤੇ ਚਲਾ ਰਹੇ ਸਨ। ਪੰਜਾਬ ਪੁਲੀਸ ਨੇ ਕਿਹਾ ਕਿ ਲਖਬੀਰ ਸਿੰਘ ਨੂੰ ਹਰਵਿੰਦਰ ਦਾ ਕਰੀਬੀ ਮੰਨਿਆ ਜਾਂਦਾ ਹੈ, ਜਿਨ੍ਹਾਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਹੱਥ ਮਿਲਾ ਲਏ ਸਨ। ਦੋਵਾਂ ਦੇ ਆਈਐੱਸਆਈ ਨਾਲ ਵੀ ਨੇੜਲੇ ਸਬੰਧ ਹਨ। ਵੇਰਵਿਆਂ ਮੁਤਾਬਕ ਲਖਬੀਰ ਸਿੰਘ ਦੀ ਪੰਜਾਬ ਪੁਲੀਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਕੀਤੇ ਗਏ ਗ੍ਰਨੇਡ (ਆਰਪੀਜੀ) ਹਮਲੇ ਵਿਚ ਅਹਿਮ ਭੂਮਿਕਾ ਸੀ। ਅੰਮ੍ਰਿਤਸਰ ਵਿਚ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਥੱਲੇ ਆਈਡੀ ਲਾਉਣ ਵਿਚ ਵੀ ਲਖਬੀਰ ਦੀ ਭੂਮਿਕਾ ਸਾਹਮਣੇ ਆਈ ਸੀ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ਬਲਜੀਤ ਸਿੰਘ ਮੱਲ੍ਹੀ (25) ਵਾਸੀ ਪਿੰਡ ਜੋਗੇਵਾਲ ਤੇ ਗੁਰਬਖਸ਼ ਸਿੰਘ ਉਰਫ਼ ਗੋਰਾ ਸੰਧੂ ਵਾਸੀ ਪਿੰਡ ਬੂਹ ਗੁੱਜਰਾਂ (ਜ਼ਿਲ੍ਹਾ ਫਿਰੋਜ਼ਪੁਰ) ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਆਈਜੀ (ਕਾਊਂਟਰ ਇੰਟੈਲੀਜੈਂਸ) ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿਚ ਪੁਲੀਸ ਟੀਮਾਂ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਏਕੇ-56 ਅਸਾਲਟ ਰਾਈਫਲ, ਦੋ ਮੈਗਜ਼ੀਨ, 90 ਕਾਰਤੂਸ ਤੇ ਦੋ ਬੁਲੇਟ ਸ਼ੈੱਲ ਬਰਾਮਦ ਕੀਤੇ ਗਏ ਹਨ। ਯਾਦਵ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਮੱਲ੍ਹੀ ਦੇ ਸਬੰਧ ਇਟਲੀ ਅਧਾਰਿਤ ਹਰਪ੍ਰੀਤ ਸਿੰਘ ਉਰਫ਼ ਹੈਪੀ ਸੰਘੇੜਾ ਨਾਲ ਹਨ ਤੇ ਉਸੇ ਦੀਆਂ ਹਦਾਇਤਾਂ ਉਤੇ ਬਲਜੀਤ ਸਿੰਘ ਨੇ ਜੁਲਾਈ ਵਿਚ ਮੱਖੂ-ਲੋਹੀਆਂ ਸੜਕ ਤੋਂ ਹਥਿਆਰਾਂ ਦੀ ਖੇਪ ਚੁੱਕੀ ਸੀ। ਇਸ ਤੋਂ ਬਾਅਦ ਉਨ੍ਹਾਂ ਹਥਿਆਰ ਟੈਸਟ ਕਰ ਕੇ ਇਨ੍ਹਾਂ ਨੂੰ ਗੁਰਬਖਸ਼ ਸਿੰਘ ਦੇ ਖੇਤਾਂ ਵਿਚ ਲੁਕੋ ਦਿੱਤਾ। ਡੀਜੀਪੀ ਨੇ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਬਲਜੀਤ ਸਿੰਘ ਖ਼ਤਰਨਾਕ ਗੈਂਗਸਟਰਾਂ ਦੇ ਸਿੱਧੇ ਸੰਪਰਕ ਵਿਚ ਸੀ ਜਿਨ੍ਹਾਂ ਵਿਚ ਲਖਬੀਰ ਲੰਡਾ ਤੇ ਅਰਸ਼ ਡੱਲਾ ਸ਼ਾਮਲ ਹਨ। ਡੀਜੀਪੀ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਹੋਰ ਹਥਿਆਰ ਵੀ ਬਰਾਮਦ ਹੋਣ ਦੀ ਸੰਭਾਵਨਾ ਹੈ। -ਪੀਟੀਆਈ