ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 20 ਅਗਸਤ
1980ਵਿਆਂ ਵਿਚ ਪੰਜਾਬ ਨੂੰ ਵੱਡਾ ਸੰਤਾਪ ਹੰਢਾੳਣਾ ਪਿਆ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਭੂਮਿਕਾ ਇਤਿਹਾਸਕ ਹੈ। ਉਹ ਪੰਜਾਬ ਵਿਚ ਸ਼ਾਂਤੀ ਲਈ ਵੱਡਾ ਜੋਖ਼ਮ ਲੈਣ ਵਾਲੇ ਸ਼ਖ਼ਸ ਵਜੋਂ ਜਾਣੇ ਜਾਂਦੇ ਹਨ। ਇਕ ਧਿਰ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਪੰਜਾਬ ਨਾਲ ਗ਼ੱਦਾਰੀ ਸਮਝਦੀ ਰਹੀ। 24 ਜੁਲਾਈ 1985 ਨੂੰ ਹੋਏ ਪੰਜਾਬ ਸਮਝੌਤੇ ਤੋਂ ਮਹੀਨੇ ਦੇ ਅੰਦਰ 20 ਅਗਸਤ 1985 ਨੂੰ ਉਹ ਖਾੜਕੂ ਧਿਰਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ। ਨਿਰਸੰਦੇਹ ਨਾਜ਼ੁਕ ਮਾਹੌਲ ਦੌਰਾਨ ਰਾਜੀਵ-ਲੌਂਗੋਵਾਲ ਸਮਝੌਤਾ ਇਤਿਹਾਸਕ ਘਟਨਾ ਸੀ ਕਿਉਂਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਸਿਆਸੀ ਪਾਰਟੀ ਦੇ ਪ੍ਰਧਾਨ ਨਾਲ ਲਿਖਤੀ ਸਮਝੌਤੇ ਉੱਤੇ ਦਸਤਖ਼ਤ ਕੀਤੇ। 24 ਜੁਲਾਈ 1985 ਨੂੰ ਹੋਏ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਪਾਰਲੀਮੈਂਟ ਨੇ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਸਮਝੌਤੇ ਤਹਿਤ 26 ਜਨਵਰੀ 1986 ਨੂੰ ਚੰਡੀਗ਼ੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਣਾ ਸੀ। ਪੰਜਾਬੀ ਬੋਲਦੇ ਇਲਾਕਿਆਂ ਲਈ ਕਮਿਸ਼ਨ ਬਣਿਆ। ਪਾਣੀਆਂ ਦੇ ਮੁੱਦੇ ’ਤੇ ਟ੍ਰਿਬਿਊਨਲ ਬਣਾਉਣ ਦੀ ਸਹਿਮਤੀ ਹੋਈ। ਲੌਂਗੋਵਾਲ ਦੀ ਹਲੀਮੀ ਅਤੇ ਅਹੁਦੇ ਦੀ ਭੁੱਖ ਨਾ ਹੋਣ ਕਰ ਕੇ ਅਤੇ ਲੋਕਾਂ ’ਚ ਸਤਿਕਾਰ ਸਦਕਾ ਖਾੜਕੂਆਂ ਦੇ ਡਰ ਦੇ ਬਾਵਜੂਦ ਲੱਖਾਂ ਲੋਕ ਉਨ੍ਹਾਂ ਦੇ ਭੋਗ ਸਮਾਗਮ ’ਤੇ ਇਕੱਠੇ ਹੋਏ। ਪੰਜਾਬ ਦੇ ਵੱਡੇ ਹਿੱਸੇ ’ਚ ਅੱਜ ਵੀ ਉਨ੍ਹਾਂ ਦਾ ਸਤਿਕਾਰ ਹੈ। ਉਨ੍ਹਾਂ ਨੇ ਸਮਝੌਤੇ ਦੀ ਤਦਬੀਰ ਨਾਲ ਪੰਜਾਬ ਦੀ ਜਿਹੜੀ ਤਕਦੀਰ ਲਿਖੀ ਸੀ ਉਸ ਦੀਆਂ ਰੇਖਾਵਾਂ ਉਨ੍ਹਾਂ ਦੇ ਜਾਣ ਨਾਲ ਅੱਧ-ਵਿਚਾਲੇ ਹੀ ਮਿੱਟ ਗਈਆਂ ਤੇ ਸੂਬਾ ਆਪਣੀਆਂ ਮੰਗਾਂ ਤੇ ਹੱਕਾਂ ਲਈ ਅੱਜ ਵੀ ਉਵੇਂ ਖੜ੍ਹਾ ਹੈ।