ਸੰਜੀਵ ਹਾਂਡਾ
ਫ਼ਿਰੋਜ਼ਪੁਰ, 22 ਅਕਤੂਬਰ
ਲਖੀਮਪੁਰ ਖੀਰੀ ’ਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਪੰਜ ਕਿਸਾਨਾਂ ਲਵਪ੍ਰੀਤ ਸਿੰਘ, ਰਮਨ ਕਸ਼ਯਪ, ਨਛੱਤਰ ਸਿੰਘ, ਗੁਰਵਿੰਦਰ ਸਿੰਘ ਤੇ ਦਲਜੀਤ ਸਿੰਘ ਦੀਆਂ ਅਸਥੀਆਂ ਅੱਜ ਇੱਥੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ, ਸ਼ਿੰਗਾਰਾ ਸਿੰਘ ਮਾਨ ਤੇ ਜਨਕ ਸਿੰਘ ਭਟਾਨ ਦੀ ਅਗਵਾਈ ਹੇਠ ਅਸਥੀ ਕਲਸ਼ ਯਾਤਰਾ ਸ਼ੁੱਕਰਵਾਰ ਸਵੇਰੇ ਪਟਿਆਲਾ ਤੋਂ ਸ਼ੁਰੂ ਹੋਈ ਸੀ ਤੇ ਸੰਗਰੂਰ, ਬਰਨਾਲਾ ਤੇ ਮੋਗਾ ਵਿੱਚੋਂ ਲੰਘਦੀ ਹੋਈ ਅੱਜ ਫ਼ਿਰੋਜ਼ਪੁਰ ਪਹੁੰਚੀ। ਅਸਥੀਆਂ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸ਼ਹੀਦੀ ਸਮਾਰਕ ’ਤੇ ਸਥਾਪਤ ਕੀਤੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਇਸ ਮਗਰੋਂ ਸ਼ਹੀਦ ਕਿਸਾਨਾਂ ਦੇ ਫੁੱਲ ਜਲ ਪ੍ਰਵਾਹ ਕੀਤੇ ਗਏ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਲਖੀਮਪੁਰ ਖੀਰੀ ਕਤਲ ਕਾਂਡ ਦੇ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਚੁੱਪ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ 18 ਤੋਂ 24 ਅਕਤੂਬਰ ਤੱਕ ਦੇਸ਼ ਭਰ ’ਚ ਅਸਥੀ ਕਲਸ਼ ਯਾਤਰਾ ਕੱਢ ਕੇ ਸ਼ਹੀਦਾਂ ਦੀਆਂ ਅਸਥੀਆਂ ਦਰਿਆਵਾਂ ’ਚ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਹਨ।