ਕੁਲਦੀਪ ਸਿੰਘ
ਚੰਡੀਗੜ੍ਹ, 19 ਅਕਤੂਬਰ
ਲਖੀਮਪੁਰ ਖੀਰੀ ਹਿੰਸਾ ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਅੱਜ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਖੁੱਡਾ ਅਲੀਸ਼ੇਰ ਲਿਆਂਦੀਆਂ ਗਈਆਂ ਹਨ। ਇਸ ਸਬੰਧੀ ਇੱਥੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ ਦੀ ਅਗਵਾਈ ਹੇਠ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ। ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀਆਂ ਅਸਥੀਆਂ ਲੈ ਕੇ 21 ਅਕਤੂਬਰ ਨੂੰ ਚੰਡੀਗੜ੍ਹ ਦੇ ਪਿੰਡਾਂ ਵਿੱਚ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਦਾ ਰੂਟ ਮੈਪ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਪਿੰਡ ਖੁੱਡਾ ਅਲੀਸ਼ੇਰ ਤੋਂ ਆਰੰਭ ਹੋਵੇਗੀ, ਜਿਸ ਮਗਰੋਂ ਇਹ ਕੈਂਬਵਾਲਾ, ਕਿਸ਼ਨਗੜ੍ਹ, ਮਨੀਮਾਜਰਾ, ਦੜੂਆ, ਮੌਲੀ, ਰਾਇਪੁਰ ਕਲਾਂ, ਮੱਖਣ ਮਾਜਰਾ, ਰਾਇਪੁਰ ਖੁਰਦ, ਬਹਿਲਾਣਾ, ਹੱਲੋਮਾਜਰਾ ਅਤੇ ਫਿਰ ਬੁੜੈਲ ਪਹੁੰਚੇਗੀ। ਯਾਤਰਾ ਲਈ ਲੰਗਰ ਦਾ ਇੰਤਜ਼ਾਮ ਗੁਰਦੁਆਰਾ ਸਿੰਘ ਸਭਾ ਬੁੜੈਲ ਵਿੱਚ ਹੋਵੇਗਾ। ਉਥੋਂ ਦੁਪਹਿਰ ਸਮੇਂ ਯਾਤਰਾ ਮੁੜ ਅਰੰਭ ਹੋ ਕੇ ਪਿੰਡ ਕਜਹੇੜੀ, ਅਟਾਵਾ, ਬੁਟੇਰਲਾ, ਬਡਹੇੜੀ, ਪਲਸੌਰਾ, ਮਲੋਆ, ਡੱਡੂਮਾਜਰਾ, ਧਨਾਸ, ਸਾਰੰਗਪੁਰ ਤੋਂ ਬਾਅਦ ਲਾਹੌਰਾ ਦੇ ਗੁਰਦੁਆਰੇ ਸਮਾਪਤ ਹੋਵੇਗੀ। ਇਸ ਤੋਂ ਬਾਅਦ ਲਾਹੌਰਾ ਤੋਂ ਅਸਥੀਆਂ ਲੈ ਕੇ ਕਾਫਲਾ ਰੋਪੜ ਕੋਲੋਂ ਲੰਘਦੇ ਦਰਿਆ ਸਤਲੁਜ ਵੱਲ ਰਵਾਨਾ ਹੋਵੇਗਾ, ਜਿੱਥੇ ਸ਼ਹੀਦਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਜਾਵੇਗਾ। ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ, ਜੋਗਿੰਦਰ ਸਿੰਘ ਬੁੜੈਲ ਤੇ ਜੋਗਾ ਸਿੰਘ ਨੇ ਲੋਕਾਂ ਨੂੰ ਇਸ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।