ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਦਲਿਤ ਅਤੇ ਮਾਇਨੌਰਿਟੀ ਆਰਗੇਨਾਈਜੇਸ਼ਨ ਪੰਜਾਬ ਨੇ ਦਾਅਵਾ ਕੀਤਾ ਕਿ ਅਧੀਨ ਚੋਣ ਸੇਵਾਵਾਂ ਬੋਰਡ ਵੱਲੋਂ ਰਾਖਵੀਆਂ ਸ਼੍ਰੇਣੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਵਿੱਚੋਂ ਘੱਟੋ-ਘੱਟ 40 ਫ਼ੀਸਦ ਅੰਕ ਪ੍ਰਾਪਤ ਕਰਨ ਦੀ ਰੱਖੀ ਗਈ ਸ਼ਰਤ ਹਟਾ ਦਿੱਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਨੇ ਦੱਸਿਆ ਕਿ ਇਸ ਸਬੰਧੀ ਜਥੇਬੰਦੀ ਦਾ ਇਕ ਵਫ਼ਦ ਬੋਰਡ ਦੇ ਚੇਅਰਮੈਨ ਨੂੰ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਾਇਆ ਸੀ ਕਿ ਸਮੇਂ-ਸਮੇਂ ’ਤੇ ਬੋਰਡ ਵੱਲੋਂ ਨੌਕਰੀਆਂ ਵਾਸਤੇ ਲਈ ਜਾਂਦੀ ਲਿਖਤੀ ਪ੍ਰੀਖਿਆ ਵਿੱਚ ਘੱਟੋ-ਘੱਟ ਅੰਕ ਪ੍ਰਾਪਤ ਕਰਨ ਦੀ ਬੇਲੋੜੀ ਸ਼ਰਤ ਰੱਖੀ ਹੋਈ ਹੈ, ਜਿਸ ਨੂੰ ਖਤਮ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ 2021 ਦੇ ਇੱਕ ਇਸ਼ਤਿਹਾਰ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ 56 ਜੂਨੀਅਰ ਡਰਾਫਟਸਮੈਨ ਦੀ ਭਰਤੀ ਲਈ ਮਜ਼੍ਹਬੀ ਸਿੱਖ ਅਤੇ ਵਾਲਮੀਕ ਸ਼੍ਰੇਣੀ ਦੇ ਉਮੀਦਵਾਰਾਂ ਲਈ 12.5 ਫ਼ੀਸਦ ਕੋਟਾ ਰੱਖਿਆ ਗਿਆ ਸੀ ਪਰ ਸਾਰੀਆਂ ਸ਼੍ਰੇਣੀਆਂ ਲਈ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋਣ ਵਾਸਤੇ ਘੱਟੋ-ਘੱਟ 40 ਅੰਕ ਪ੍ਰਾਪਤ ਕਰਨ ਦੀ ਸ਼ਰਤ ਰੱਖੀ ਗਈ ਸੀ, ਜਿਸ ਕਰਕੇ ਮਜ਼੍ਹਬੀ ਤੇ ਬਾਲਮੀਕੀ ਸ਼੍ਰੇਣੀ ਦੇ ਸਿਰਫ਼ ਅੱਠ ਉਮੀਦਵਾਰ ਹੀ 40 ਫ਼ੀਸਦ ਅੰਕ ਲੈ ਕੇ ਪਾਸ ਹੋ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਇਹ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ ਅਤੇ ਹਾਲ ਹੀ ਵਿੱਚ 22 ਜੂਨ ਨੂੰ ਦਿੱਤੇ ਗਏ ਇਸ਼ਤਿਹਾਰ ਵਿੱਚ ਇਸ ਮਾਮਲੇ ’ਚ ਸੋਧ ਕੀਤੀ ਗਈ ਹੈ।