ਦਵਿੰਦਰ ਪਾਲ
ਚੰਡੀਗੜ੍ਹ, 27 ਮਈ
ਪੰਜਾਬ ਵਿੱਚ ਪਿਛਲੇ ਸੱਤ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸੰਘਰਸ਼ੀ ਅਖਾੜਿਆਂ ’ਚ ਮੋਰਚਾ ਗੱਡੀ ਬੈਠੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵਿਰੋਧੀ ਕਾਲੇ ਦਿਨ ਨੂੰ ਲੋਕਾਂ ਵੱਲੋਂ ਮਿਲੇ ਸਮਰਥਨ ਨੇ ਕਿਸਾਨ ਅੰਦੋਲਨ ਦੀ ਜਿੱਤ ਦਾ ਸਪੱਸ਼ਟ ਸੰਕੇਤ ਦਿੱਤਾ ਹੈ।
ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ’ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਅੱਗੇ ਧਰਨੇ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਤੇ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਦ੍ਰਿੜ੍ਹ ਹਨ ਤੇ ਇਹ ਸੰਘਰਸ਼ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਡੱਕਿਆ ਨਹੀਂ ਜਾ ਸਕਦਾ। ਕਿਸਾਨ ਆਗੂਆਂ ਨੇ ਕਿਹਾ ਕਿ ‘ਕਾਲੇ ਦਿਨ’ ਨੂੰ ਮਿਲੇ ਜਨ ਸਮਰਥਨ ਤੋਂ ਬਾਅਦ ਭਾਜਪਾ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਦੇਸ਼ ਦੀ ਜਨਤਾ ਹੁਣ ਮੋਦੀ ਹਕੂਮਤ ਖ਼ਿਲਾਫ਼ ਮੈਦਾਨ ’ਚ ਨਿੱਤਰ ਆਈ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ ’ਚ ਜਾਰੀ ਧਰਨੇ 239ਵੇਂ ਦਿਨ ਵੀ ਜਾਰੀ ਰਹੇ। ਬੁਲਾਰਿਆਂ ਨੇ ਐਲਾਨ ਕੀਤਾ, ‘ਸਾਡੇ ਲਈ ਛੇ ਮਹੀਨੇ ਜਾਂ ਛੇ ਸਾਲਾਂ ’ਚ ਕੋਈ ਫ਼ਰਕ ਨਹੀਂ, ਸਾਡਾ ਇੱਕੋ-ਇੱਕ ਤੇ ਅਟੱਲ ਟੀਚਾ ਖੇਤੀ ਕਾਨੂੰਨ ਰੱਦ ਕਰਵਾਉਣਾ ਹੈ।’
ਬੁਲਾਰਿਆਂ ਨੇ ਕਿਹਾ ਕਿ ਜਦੋਂ ਕਿਸਾਨ ਪਿਛਲੇ ਮਹੀਨੇ ਵਾਢੀ ਵਿੱਚ ਰੁੱਝੇ ਹੋਏ ਸਨ ਤਾਂ ਸਰਕਾਰ ਨੇ ਭਰਮ ਪਾਲ ਲਿਆ ਸੀ ਕਿ ਕਿਸਾਨ ਅੰਦੋਲਨ ਪੇਤਲਾ ਪੈ ਰਿਹਾ ਹੈ। ਸਰਕਾਰ ਅਕਾ-ਥਕਾ ਕੇ ਕਿਸਾਨਾਂ ਨੂੰ ਘਰ ਤੋਰ ਦੇਵੇਗੀ ਪਰ ਬੀਤੇ ਦਿਨ ਦੇ ਪ੍ਰਦਰਸ਼ਨਾਂ ਨੂੰ ਮਿਲੇ ਲਾਮਿਸਾਲ ਹੁੰਗਾਰੇ ਨੇ ਕਿਸਾਨਾਂ ਦੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ‘ਕਾਲੇ ਦਿਨ’ ਦੀ ਗੂੰਜ ਕੁਝ ਸੂਬਿਆਂ ਵਿੱਚ ਹੀ ਨਹੀਂ, ਸਗੋਂ ਪੂਰੇ ਮੁਲਕ ਵਿੱਚ ਸੁਣਾਈ ਦਿੱਤੀ ਹੈ। ਕਾਲੇ ਦਿਨ ਨੂੰ ਮਿਲੇ ਹੁੰਗਾਰੇ ਤੋਂ ਸਰਕਾਰ ਨੂੰ ਸਾਫ਼ ਹੋ ਜਾਣਾ ਚਾਹੀਦਾ ਹੈ ਕਿ ਕਿਸਾਨ ਅੰਦੋਲਨ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਚਲੀਆਂ ਗਈਆਂ ਹਨ। ਸਰਕਾਰ ਕੋਲ ਇਸ ਅੰਦੋਲਨ ਨੂੰ ਖਤਮ ਕਰਨ ਦਾ ਇੱਕੋ-ਇੱਕ ਤਰੀਕਾ ਤਿੰਨੋਂ ਖੇਤੀ ਕਾਨੂੰਨ ਰੱਦ ਕਰਨਾ ਹੈ।
ਕਿਸਾਨ ਆਗੂਆਂ ਨੇ ਅੰਦੋਲਨ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਦੱਸਿਆ ਕਿ ਅੰਦੋਲਨ ਨੇ ਟੌਲ ਪਲਾਜ਼ਿਆਂ ਤੇ ਰਿਲਾਇੰਸ ਪੈਟਰੋਲ ਪੰਪਾਂ/ਸ਼ਾਪਿੰਗ ਮਾਲਜ਼ ਨੂੰ ਨਿਸ਼ਾਨਾ ਬਣਾ ਕੇ ਕਾਰਪੋਰੇਟਾਂ ਦਾ ਲੋਕ ਦੋਖੀ ਚਿਹਰਾ ਨੰਗਾ ਕੀਤਾ ਹੈ। ਆਰਐੱਸਐੱਸ ਆਗੂ, ਭਾਜਪਾ ਨੇਤਾਵਾਂ ਦੀ ਖਿਚਾਈ ਕਰ ਰਹੇ ਹਨ। ਇਹ ਸਭ ਕਿਸਾਨ ਅੰਦੋਲਨ ਦੀ ਬਦੌਲਤ ਹੀ ਹੈ ਕਿ ਸਰਕਾਰ ਦਾ ਅਕਸ ਦਿਨੋਂ-ਦਿਨ ਖ਼ਰਾਬ ਹੋ ਰਿਹਾ ਹੈ। ਕਿਸਾਨ ਅੰਦੋਲਨ ਆਪਣੀ ਇਤਿਹਾਸਕ ਜਿੱਤ ਵੱਧ ਰਿਹਾ ਹੈ। ਆਗੂਆਂ ਨੇ ਕਿਹਾ ਕਿ ਦਿੱਲੀ ਮੋਰਚੇ ਵਿੱਚ ਲਗਾਤਾਰ ਜਥੇ ਭੇਜੇ ਜਾਣਗੇ।
ਬਾਦਲ ਨੇ ਭਾਜਪਾ ਦੇ ਪੱਖ ’ਚ ਸਾਜ਼ਿਸ਼ਮਈ ਚੁੱਪ ਧਾਰੀ: ਸੰਧਵਾਂ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਛੇ ਮਹੀਨੇ ਦਾ ਸਮਾਂ ਬੀਤ ਗਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਸਰਕਾਰ ਦੇ ਪੱਖ ’ਚ ਸਾਜ਼ਿਸ਼ਮਈ ਚੁੱਪ ਧਾਰੀ ਹੋਈ ਹੈ। ਸ੍ਰੀ ਸੰਧਵਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਂ ’ਤੇ ਸਿਆਸਤ ਕਰ ਕੇ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦਾ ਸ਼ਰ੍ਹੇਆਮ ਸਮਰਥਨ ਕੀਤਾ ਸੀ। ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸੱਤਾ ਵਿੱਚ ਬਣੇ ਰਹਿਣ ਲਈ ਆਰਐੱਸਐੱਸ ਅਤੇ ਭਾਜਪਾ ਨਾਲ ਰਿਸ਼ਤੇ ਕਾਇਮ ਰੱਖੇ ਹੋਏ ਹਨ। ਇਸੇ ਲਈ ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਬੋਲਦੇ।