ਆਤਿਸ਼ ਗੁਪਤਾ
ਚੰਡੀਗੜ੍ਹ, 6 ਜੂਨ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ/ਦਫ਼ਤਰਾਂ ਮੂਹਰੇ, ਟੌਲ ਪਲਾਜ਼ਿਆਂ, ਪੂੰਜੀਪਤੀ ਘਰਾਣਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ ਅਤੇ ਨਿੱਜੀ ਥਰਮਲ ਪਲਾਂਟ ਸਣੇ ਸਵਾ ਸੌ ਤੋਂ ਵੱਧ ਥਾਵਾਂ ’ਤੇ ਮੀਂਹ ਅਤੇ ਝੱਖੜ ਦੌਰਾਨ ਵੀ ਧਰਨੇ ਜਾਰੀ ਰਹੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਦੇਸ਼ ਭਰ ਦੇ ਲੋਕਾਂ ਤੋਂ ਮਿਲ ਰਹੇ ਲਾਮਿਸਾਲ ਹੁੰਗਾਰੇ ਨੇ ਵੀ ਕਿਸਾਨਾਂ ਵਿੱਚ ਜੋਸ਼ ਭਰਿਆ ਹੈ। ਕੇਂਦਰ ਸਰਕਾਰ ਦੀ ਅੜੀ ਤੋੜਨ ਲਈ ਹਰ ਹਫ਼ਤੇ ਪੰਜਾਬ ਤੋਂ ਦਿੱਲੀ ਵੱਲ ਕਿਸਾਨਾਂ ਦੇ ਵੱਡੇ ਕਾਫ਼ਲੇ ਰਵਾਨਾ ਹੋ ਰਹੇ ਹਨ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ, ਡਾ. ਸਤਨਾਮ ਸਿੰਘ ਅਜਨਾਲਾ, ਬਲਵੰਤ ਸਿੰਗ ਬਰਿਾਮਕੇ, ਮੁਕੇਸ਼ ਚੰਦਰ ਅਤੇ ਕੁਲਦੀਪ ਸਿੰਘ ਵਜੀਦਪੁਰ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨ ਦੇਸ਼ ਭਰ ਵਿੱਚ ਅੰਦੋਲਨ ਨੂੰ ਮਿਲੇ ਹੁੰਗਾਰੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਲੋਕਾਂ ਦੇ ਵੱਡੇ ਇਕੱਠਾਂ ਨੂੰ ਦੇਖਦਿਆਂ ਹੀ ਕੇਂਦਰ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਅਤੇ ਡੇਢ ਸਾਲ ਤੱਕ ਅੱਗੇ ਪਾਉਣ ਲਈ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਵਾਪਸੀ ਨਹੀਂ ਕੀਤੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਸਾਰੇ ਵਰਗ ਦੇ ਲੋਕਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੂੰਜੀਪਤੀ ਘਰਾਣਿਆਂ ਦੇ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣਗੇ। ਇਸ ਦੌਰਾਨ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ, ਫਾਜ਼ਿਲਕਾ ਤੋਂ ਕਿਸਾਨਾਂ ਦੇ ਦਰਜਨਾਂ ਜਥੇ ਦਿੱਲੀ ਲਈ ਰਵਾਨਾ ਹੋਏ।