ਚਰਨਜੀਤ ਭੁੱਲਰ
ਚੰਡੀਗੜ੍ਹ, 23 ਜੁਲਾਈ
ਪੰਜਾਬ ਵਿੱਚ ਐਤਕੀਂ ਜਿਨ੍ਹਾਂ ਸਕੂਲਾਂ ’ਚ ਬਾਰ੍ਹਵੀਂ ਜਮਾਤ ਵਿੱਚ ਸੌ ਫੀਸਦੀ ਨਤੀਜੇ ਦੇ ਢੋਲ ਵੱਜੇ ਹਨ, ਉਨ੍ਹਾਂ ਦਾ ਅੰਦਰਲਾ ਸੱਚ ਵੀ ਸੌ ਫ਼ੀਸਦੀ ਬਾਹਰ ਆਇਆ ਹੈ। ਪੰਜਾਬ ਦੇ ਗਿਆਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਿਹੇ ਹਨ ਜਿਨ੍ਹਾਂ ਵਿਚ ਸੌ ਬੱਚੇ ਵੀ ਨਹੀਂ ਪੜ੍ਹਦੇ ਤੇ ਜਿਨ੍ਹਾਂ ਦਾ ਨਤੀਜਾ ਵੀ ਸੌ ਫ਼ੀਸਦੀ ਆਇਆ ਹੈ। ਸੈਂਕੜੇ ਪ੍ਰਾਈਵੇਟ ਸਕੂਲ, ਜਿਨ੍ਹਾਂ ਦੇ ਇੱਕ-ਇੱਕ ਜਾਂ ਦੋ-ਦੋ ਬੱਚੇ ਹੀ ਪ੍ਰੀਖਿਆ ਵਿੱਚ ਬੈਠੇ ਸਨ, ਨੇ ਸੌ ਫ਼ੀਸਦੀ ਨਤੀਜੇ ਦਾ ਨਾਮਣਾ ਖੱਟਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ 2094 ਸਕੂਲਾਂ ਦੇ ਨਤੀਜੇ ਸੌ ਫੀਸਦੀ ਆਏ ਹਨ। ਇਨ੍ਹਾਂ ਸਕੂਲਾਂ ਦੇ 98,256 ਬੱਚੇ ਪ੍ਰੀਖਿਆ ਵਿੱਚ ਬੈਠੇ ਸਨ। ਔਸਤਨ ਹਰ ਸਕੂਲ ਦੇ 46 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਦੋਂ ਇਨ੍ਹਾਂ ਸਕੂਲਾਂ ਦੀ ਘੋਖ ਕੀਤੀ ਗਈ ਤਾਂ ਕਈ ਦਿਲਚਸਪ ਤੱਥ ਉੱਭਰੇ। ਨਵਾਂ ਸ਼ਹਿਰ ਦੇ ਪਿੰਡ ਲਿੱਦੜ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸੌ ਫੀਸਦਾ ਆਇਆ ਹੈ ਜਿੱਥੋਂ ਦੇ ਤਿੰਨ ਬੱਚਿਆਂ ਨੇ ਹੀ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ। ਤਲਵੰਡੀ ਸਾਬੋ ਦੇ ਸਰਕਾਰੀ ਸਕੂਲ ਦਾ ਨਤੀਜਾ ਸੌ ਫ਼ੀਸਦੀ ਹੈ ਜਿੱਥੇ ਬੱਚਿਆਂ ਦੀ ਗਿਣਤੀ ਤਿੰਨ ਸੀ। ਗੁਰਦਾਸਪੁਰ ਦੇ ਪਿੰਡ ਧੰਦਿਆਲਾ ਨਜ਼ਰਾਂ ’ਚ ਪੰਜ ਬੱਚੇ ਪ੍ਰੀਖਿਆ ਵਿੱਚ ਬੈਠੇ ਜਿਨ੍ਹਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ। ਅੰਮ੍ਰਿਤਸਰ ਦੇ ਪਿੰਡ ਖੱਬਾ ਰਾਜਪੂਤਾਂ ’ਚ 9 ਬੱਚੇ, ਬਠਿੰਡਾ ਦੇ ਗੁੰਮਟੀ ਕਲਾਂ ਤੇ ਫ਼ਾਜ਼ਿਲਕਾ ਦੇ ਕੋਰਿਆਂ ਵਾਲੀ ’ਚ ਅੱਠ-ਅੱਠ ਬੱਚੇ, ਹੁਸ਼ਿਆਰਪੁਰ ਦੇ ਨੰਗਲ ਖੁਰਦ ਵਿੱਚ ਸੱਤ ਬੱਚੇ ਤੇ ਜਲਾਲਪੁਰ ’ਚ ਅੱਠ ਬੱਚੇ, ਫ਼ਿਰੋਜ਼ਪੁਰ ਦੇ ਵਲੂਰ ’ਚ ਦਸ ਬੱਚੇ ਤੇ ਹਜ਼ਾਰਾ ਸਿੰਘ ਵਾਲਾ ’ਚ ਅੱਠ ਬੱਚੇ, ਬਰਨਾਲਾ ਦੇ ਖੁੱਡੀ ਖੁਰਦ ਵਿਚ ਅੱਠ ਬੱਚੇ ਤੇ ਹੁਸ਼ਿਆਰਪੁਰ ਦੇ ਨੰਗਲ ਖੁਰਦ ਦੇ ਲੜਕੀਆਂ ਦੇ ਸਕੂਲ ਦੇ 7 ਬੱਚਿਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ। ਸਾਰੇ ਪਾਸ ਹੋ ਗਏ ਤੇ ਨਤੀਜੇ ਸੌ ਫ਼ੀਸਦੀ ਬਣ ਗਏ। ਸਿੱਖਿਆ ਮਹਿਕਮੇ ਤੋਂ ਇਨ੍ਹਾਂ ਸਕੂਲਾਂ ਨੇ ਵੱਡੀ ਭੱਲ ਖੱਟ ਲਈ ਹੈ। ਏਨੀ ਘੱਟ ਗਿਣਤੀ ਵਾਲੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਗਿਣਤੀ ਕਿੰਨੀ ਸੀ, ਵਿਚਾਰਨ ਵਾਲੀ ਗੱਲ ਹੈ। ਹਾਲਾਂਕਿ ਐਤਕੀਂ ਸਰਕਾਰੀ ਸਕੂਲਾਂ ਦੀ ਨਤੀਜਿਆਂ ਵਿੱਚ ਝੰਡੀ ਰਹੀ ਹੈ।
ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ’ਚੋਂ ਅੰਮ੍ਰਿਤਸਰ ਦੇ ਮੁਧਲ ਦੇ ਮਾਡਲ ਸਕੂਲ ’ਚ ਇੱਕ ਅਤੇ ਨਰਾਇਣਗੜ੍ਹ ਛੇਹਰਟਾ ਦੇ ਬ੍ਰਾਈਟਵੇਅ ਸਕੂਲ ਵਿਚ ਦੋ-ਦੋ ਬੱਚੇ ਬਾਰ੍ਹਵੀਂ ’ਚ ਪੜ੍ਹਦੇ ਸਨ। ਬਠਿੰਡਾ ਦੇ ਕਲਿਆਣ ਮੱਲਕਾ ਦੇ ਪ੍ਰਾਈਵੇਟ ਸਕੂਲ ਵਿਚ 4 ਅਤੇ ਬੱਸੀ ਪਠਾਣਾ ਦੇ ਡੀਏਵੀ ਸਕੂਲ ਵਿਚ ਇੱਕ ਬੱਚਾ ਬਾਰ੍ਹਵੀਂ ਵਿਚ ਪੜ੍ਹਦਾ ਸੀ। ਗੁਰਦਾਸਪੁਰ ਦੇ ਪੰਨਵਾਂ ਤੇ ਕਾਦੀਆਂ, ਬਹਾਦਰ ਹੁਸ਼ੈਨ ਖੁਰਦ, ਕਪੂਰਥਲਾ ਦਾ ਕਾਹਲਵਾਂ ਦੋਨਾ ਤੇ ਫਗਵਾੜਾ ਦੇ ਪ੍ਰਾਈਵੇਟ ਸਕੂਲ ’ਚੋਂ ਇੱਕ-ਇੱਕ ਬੱਚਾ ਹੀ ਪ੍ਰੀਖਿਆ ਵਿਚ ਬੈਠਿਆ ਤੇ ਸਭ ਪਾਸ ਹੋ ਗਏ। ਪ੍ਰਾਈਵੇਟ ਸਕੂਲ ਗੱਜ ਵੱਜ ਕੇ ਸੌ ਫ਼ੀਸਦੀ ਨਤੀਜੇ ਦੀ ਮਸ਼ਹੂਰੀ ਕਰਨਗੇ। ਜ਼ਿਲ੍ਹਿਆਂ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ 225 ਸਕੂਲਾਂ ਨੇ ਸੌ ਫ਼ੀਸਦੀ ਨਤੀਜੇ ਦਿੱਤੇ ਹਨ। ਅੰਮ੍ਰਿਤਸਰ ਦੇ 166 ਸਕੂਲਾਂ, ਬਠਿੰਡਾ 150, ਬਰਨਾਲਾ 43, ਫਰੀਦਕੋਟ 64, ਫਤਹਿਗੜ੍ਹ ਸਾਹਿਬ 60, ਮੋਗਾ 83, ਮਾਨਸਾ 60, ਫ਼ਿਰੋਜ਼ਪੁਰ 68, ਗੁਰਦਾਸਪੁਰ 140, ਹੁਸ਼ਿਆਰਪੁਰ 118, ਜਲੰਧਰ 164, ਕਪੂਰਥਲਾ 83 ਅਤੇ ਨਵਾਂ ਸ਼ਹਿਰ ਦੇ 62 ਸਕੂਲਾਂ ਦੇ ਨਤੀਜੇ ਸੌ ਫ਼ੀਸਦੀ ਰਹੇ ਹਨ।
ਪੰਜਾਬ ਦੇ 66 ਸਰਕਾਰੀ ਸਕੂਲਾਂ ਨੂੰ ਐਵਾਰਡ
ਪੰਜਾਬ ਦੇ 66 ਸਰਕਾਰੀ ਸਕੂਲਾਂ ਨੂੰ ਸਭ ਤੋਂ ਵਧੀਆ ਸਕੂਲ ਹੋਣ ਲਈ ਐਵਾਰਡ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਹਰਕੇ ਜ਼ਿਲ੍ਹੇ ਦਾ ਇੱਕ ਮਿਡਲ, ਇੱਕ ਹਾਈ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹੈ। ਇਸ ਐਵਾਰਡ ਵਿੱਚ ਹਰ ਮਿਡਲ ਸਕੂਲ ਨੂੰ 90,909 ਰੁਪਏ, ਹਾਈ ਸਕੂਲ ਨੂੰ 1,36,363 ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 2,27,272 ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।