ਗੁਰਦੇਵ ਸਿੰਘ ਗਹੂੰਣ
ਬਲਾਚੌਰ, 20 ਅਕਤੂਬਰ
ਕਿਸਾਨ ਆਗੂ ਕਾਮਰੇਡ ਕਰਨ ਸਿੰਘ ਰਾਣਾ ਨੇ ਕਿਸਾਨ ਅੰਦੋਲਨ ਤੇਜ਼ੀ ਨਾਲ ਜਨ-ਅੰਦੋਲਨ ਦਾ ਰੂਪ ਧਾਰ ਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਦਰਜ ਹੋ ਰਿਹਾ ਹੈ, ਇਸ ਜਨ-ਅੰਦੋਲਨ ਨੂੰ ਫੇਲ੍ਹ ਕਰਨ ਹਿਤ ਭਾਜਪਾ ਸਰਕਾਰ ਵਲੋਂ ਰਚੀਆਂ ਸਾਰੀਆਂ ਸਾਜ਼ਿਸ਼ਾਂ ਤੇ ਕੂੜ ਪ੍ਰਚਾਰ ਫੇਲ੍ਹ ਹੋਏ ਹਨ।
ਟੌਲ ਪਲਾਜ਼ਾ ਬੱਛੂਆਂ ਵਿਖੇ ਕਿਸਾਨਾਂ-ਮਜ਼ਦੂਰਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਸਾਲ ਤੋਂ ਕਿਸਾਨ-ਮਜ਼ਦੂਰ ਗਰਮੀ-ਸਰਦੀ, ਧੁੱਪ-ਛਾਂ ਅਤੇ ਮੀਂਹ-ਹਨ੍ਹੇਰੀ ਦਾ ਸਾਹਮਣਾ ਕਰਦੇ ਹੋਏ ਅਡੋਲ ਧਰਨੇ ਦੇ ਰਹੇ ਹਨ, ਪ੍ਰੰਤੂ ਹੈਂਕੜਬਾਜ਼ ਮੋਦੀ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਮੋਦੀ ਸਰਕਾਰ ਵਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤੇ ਅਥਾਹ ਵਾਧੇ ਕਰਕੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ, ਪੂਰੇ ਦੇਸ਼ ਵਿੱਚ ਮਹਿੰਗਾਈ ਕਾਰਨ ਹਾਹਾਕਾਰ ਮਚੀ ਹੋਈ ਹੈ, ਪ੍ਰੰਤੂ ਹਾਕਮ ਚੁੱਪ-ਚਾਪ ਕਾਰਪੋਰੇਟਾਂ ਦੇ ਮੁਨਾਫੇ ਵਿੱਚ ਲਗਾਤਾਰ ਵਾਧਾ ਕਰੀ ਜਾ ਰਹੇ ਹਨ। ਕਾਮਰੇਡ ਰਾਣਾ ਨੇ ਚਿੰਤਾ ਪ੍ਰਗਟ ਕੀਤੀ ਕਿ ਦੇਸ਼ ਦੀਆਂ ਸਿਆਸੀ ਧਿਰਾਂ ਮਿਲ ਬੈਠ ਕੇ ਕੋਈ ਵੀ ਸੰਘਰਸ਼ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਚਲਾਉਣ ਵਿੱਚ ਅਸਫਲ ਹੋਈਆਂ ਹਨ, ਸਿੱਟਾ ਦੇਸ਼ ਵਿੱਚ ਭੁੱਖਮਰੀ ਦੇ ਹਾਲਤਾਂ ਵਿੱਚ ਨਿਕਲ ਰਿਹਾ ਹੈ। ਇਸ ਮੌਕੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।