ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 26 ਦਸੰਬਰ
ਪੀਪਲਜ਼ ਲਿਟਰੇਰੀ ਫ਼ੈਸਟੀਵਲ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਇਤਿਹਾਸਕਾਰ ਪ੍ਰੋ. ਸੁਭਾਸ਼ ਪਰਿਹਾਰ ਨੇ ਮੱਧਕਾਲੀ ਪੰਜਾਬ ਦੀ ਇਮਾਰਤਸਾਜ਼ੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਇਸ ਸਮੇਂ ਮੱਧਕਾਲੀ ਦੌਰ ਦੀ ਇਤਿਹਾਸਕ ਇਮਾਰਤਸਾਜ਼ੀ ਨੂੰ ਲੈ ਕੇ ਵੀ ਫ਼ਿਰਕਾਪ੍ਰਸਤ ਸੋਚ ਨੂੰ ਉਭਾਰਿਆ ਜਾ ਰਿਹਾ ਹੈ ਜੋ ਬੇਹੱਦ ਖ਼ਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸਮਾਜ ਦੀ ਅਸੰਵੇਦਨਸ਼ੀਲਤਾ ਨੇ ਪੁਰਾਤਨ ਇਮਾਰਤਸਾਜ਼ੀ ਦਾ ਬਹੁਮੁੱਲਾ ਖਜ਼ਾਨਾ ਮਿੱਟੀ ਵਿਚ ਮਿਲਾ ਦਿੱਤਾ ਹੈ। ਸਿੱਟੇ ਵਜੋਂ ਪੁਰਾਤਨ ਇਮਾਰਤਾਂ ਦੇ ਨਾਂ ਹੇਠ ਸਾਡੇ ਕੋਲ ਲਾਲ ਅਤੇ ਚਿੱਟੇ ਸੰਗਮਰਮਰ ਵਾਲੀਆਂ ਆਧੁਨਿਕ ਇਮਾਰਤਾਂ ਹੀ ਬਚੀਆਂ ਹਨ।
ਗੁਰਪ੍ਰੀਤ ਬਠਿੰਡਾ ਨੇ ਕਿਹਾ ਕਿ ਸਾਡੇ ਸਕੂਲੀ ਸਿਲੇਬਸਾਂ ਵਿਚ ਇਮਰਾਤਸਾਜ਼ੀ ਬਾਰੇ ਕੋਈ ਗਿਆਨ ਨਹੀਂ ਦਿੱਤਾ ਜਾਂਦਾ। ਚਿੰਤਕ ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਇਮਾਰਤਸਾਜ਼ੀ ਦੇ ਪੱਖ ਤੋਂ ਵੀ ਸੱਤਾਧਾਰੀ ਧਿਰਾਂ ਸਮਾਜ ਵਿਚ ਸੰਕੀਰਣ ਸੋਚ ਪੈਦਾ ਕਰ ਰਹੀਆਂ ਹਨ। ਸਮਕਾਲੀ ਪੰਜਾਬੀ ਸਾਹਿਤਕ ਸਿਨੇਮਾਂ ਬਾਰੇ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਪੰਜਾਬੀਆਂ ਕੋਲ ਪੈਸਾ ਬਹੁਤ ਹੈ ਅਤੇ ਉਨ੍ਹਾਂ ਨੂੰ ਹੋਰ ਵਪਾਰਾਂ ਵਾਂਗ ਪੰਜਾਬੀ ਸਾਹਿਤਕ ਸਿਨੇਮੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਫ਼ਿਲਮ ਨਿਰਦੇਸ਼ਕ ਰਾਜੀਵ ਸ਼ਰਮਾ ਨੇ ਆਪਣੇ ਤਜਰਬੇ ਸਾਂਝੇ ਕੀਤੇ। ਅਦਾਕਾਰ ਸੈਮੁਅਲ ਜੌਹਨ ਨੇ ਓਟੀਟੀ ਪਲੇਟਫ਼ਾਰਮ ਬਾਰੇ ਜਾਣਕਾਰੀ ਸਾਂਝੀ ਕੀਤੀ। ਆਖਰੀ ਸੈਸ਼ਨ ਵਿੱਚ ਗੁਰਮੀਤ ਕੜਿਆਲਵੀ ਦੀ ਕਹਾਣੀ ’ਤੇ ਅਧਾਰਿਤ ਰਾਜੀਵ ਕੁਮਾਰ ਵੱਲੋਂ ਨਿਰਦੇਸ਼ਤ ਫ਼ਿਲਮ ‘ਆਤੂ ਖੋਜੀ’ ਦਾ ਪ੍ਰਦਰਸ਼ਨ ਕੀਤਾ ਗਿਆ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੀ ਪੁਸਤਕ ‘ਮੋਹ ਦੇ ਪਾਣੀ’, ਮਨਦੀਪ ਸਿੰਘ ਚਹਿਲ ਦੀ ਪੁਸਤਕ ‘ਗਲੀਲੀਓ ਤੋਂ ਸਟਰਿੰਗ ਥਿਊਰੀ ਤੱਕ’ ਅਤੇ ਗੁਰਪ੍ਰੇਮ ਲਹਿਰੀ ਦੀ ਪੁਸਤਕ ‘ਨਾਗਾਲੈਂਡ ਪੂਰਬ ਦਾ ਸਵਿਟਜ਼ਰਲੈਂਡ’ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ, ਜਰਨਲ ਸਕੱਤਰ ਸਟਾਲਿਨਜੀਤ ਬਰਾੜ, ਡਾ. ਚਰਨਜੀਤ ਕੌਰ ਹਾਜ਼ਰ ਸਨ।