ਅਜੇ ਮਲਹੋਤਰਾ
ਬਸੀ ਪਠਾਣਾਂ, 7 ਮਈ
ਸ਼ਹਿਰ ਦੇ ਪੀਐਨਬੀ ਤੋਂ ਲੈ ਕੇ ਮੁੱਖ ਸੜਕ ਤੱਕ ਤਿੰਨ ਦਿਨ ਪਹਿਲਾਂ ਬਣੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਹੈ। ਜਾਣਕਾਰੀ ਮਿਲਣ ਤੋਂ ਬਾਅਦ ਬਸੀ ਪਠਾਣਾਂ ਦੇ ਐਸ.ਡੀ.ਐਮ. ਜਸਪ੍ਰੀਤ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਰਵਿੰਦਰ ਕੁਮਾਰ ਨੇ ਮੌਕੇ ’ਤੇ ਜਾ ਕੇ ਟੁੱਟੀ ਹੋਈ ਸੜਕ ਦਾ ਜਾਇਜ਼ਾ ਲੈਣ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦਾ ਵੀ ਵਿਸ਼ਵਾਸ ਦਿਵਾਇਆ। ਸਿਰਫ ਤਿੰਨ ਦਿਨ ਪਹਿਲਾਂ ਹੀ ਬਸੀ ਪਠਾਣਾਂ ਦੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਇਸ ਸੜਕ ’ਤੇ ਲੁੱਕ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ।
ਬਸੀ ਪਠਾਣਾਂ ਤੋਂ ਭਾਜਪਾ ਆਗੂ ਕੁਲਦੀਪ ਕੁਮਾਰ, ਆਮ ਆਦਮੀ ਪਾਰਟੀ ਤੋਂ ਇੰਦਰਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਲਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਕਾਂਗਰਸ ਅਤੇ ਭ੍ਰਿਸ਼ਟਾਚਾਰ ਇੱਕ ਸਿੱਕੇ ਦੇ ਦੋ ਪਹਿਲੂ ਹਨ, ਕਾਂਗਰਸ ਪਾਰਟੀ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ ਇਹ ਕਦੇ ਹੋ ਨਹੀਂ ਸਕਦਾ।
ਲੋਕ ਨਿਰਮਾਣ ਵਿਭਾਗ ਦੇ ਐਸਡੀਓ ਗਗਨਦੀਪ ਸਿੰਘ ਨੇ ਦੱਸਿਆ ਕਿ ਸੜਕ ਬਣਨ ਦੇ ਤੁਰੰਤ ਬਾਅਦ ਹੀ ਮੀਂਹ ਪੈ ਗਿਆ ਅਤੇ ਕੱਲ੍ਹ ਫਿਰ ਮੀਂਹ ਪੈ ਗਿਆ ਜਿਸ ਨਾਲ ਇਹ ਸੜਕ ਟੁੱਟ ਗਈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸਮੱਸਿਆ ਆਈ ਹੈ ਉਸ ਦਾ ਹੱਲ ਪਹਿਲ ਦੇ ਆਧਾਰ ’ਤੇ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਬੰਧਤ ਠੇਕੇਦਾਰ ਨੂੰ ਹੁਕਮ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਦੋਵੇਂ ਕਿਨਾਰਿਆਂ ’ਤੇ ਇੰਟਰਲੌਕਿੰਗ ਟਾਇਲਾਂ ਵੀ ਲਗਾਈਆਂ ਜਾਣੀਆਂ ਹਨ।