ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 10 ਅਕਤੂਬਰ
ਸ੍ਰੀ ਆਨੰਦਪੁਰ ਸਾਹਿਬ ਦੇ ਬੱਸ ਅੱਡੇ ਦੇ ਅੰਦਰ ਬਣੀਆਂ ਦੁਕਾਨਾਂ ਦੇ ਅੱਜ ਪੰਜਾਬ ਰੋਡਵੇਜ਼ ਰੂਪਨਗਰ ਡਿੱਪੂ ਦੇ ਜਨਰਲ ਮੈਨੇਜਰ ਪਰਮਵੀਰ ਸਿੰਘ ਦੀ ਦੇਖ-ਰੇਖ ਹੇਠ ਰੋਡਵੇਜ਼ ਕਰਮਚਾਰੀਆਂ ਵੱਲੋਂ ਤਾਲੇ ਤੋੜ ਕੇ ਕਬਜ਼ਾ ਕਰਨ ਉਪਰੰਤ ਦੁਕਾਨਾਂ ਅੰਦਰ ਪਿਆ ਸਾਮਾਨ ਵੀ ਜ਼ਬਤ ਕਰ ਲਿਆ। ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਪਰਮਵੀਰ ਸਿੰਘ ਨੇ ਦੱਸਿਆ ਕਿ ਚਾਰ ਦੁਕਾਨਾਂ ਤੇ ਇੱਕ ਕੰਟੀਨ ਵਾਲੇ ਨੇ ਇਹ ਦੁਕਾਨਾਂ ਉਨ੍ਹਾਂ ਤੋਂ ਕਿਰਾਏ ’ਤੇ ਲਈਆਂ ਹੋਈਆਂ ਸਨ, ਜਿਨ੍ਹਾਂ ਦੀ ਲੀਜ਼ ਸਾਲ 2017 ਵਿੱਚ ਖ਼ਤਮ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਨਾ ਤਾਂ ਇਨ੍ਹਾਂ ਦੁਕਾਨਦਾਰਾਂ ਵੱਲੋਂ ਇਹ ਦੁਕਾਨਾਂ ਖਾਲੀ ਕੀਤੀਆਂ ਗਈਆਂ ਅਤੇ ਨਾ ਹੀ ਬਣਦਾ ਕਿਰਾਇਆ ਜਮ੍ਹਾਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਬ ਡਿਵੀਜ਼ਨ ਮੈਜਿਸਟਰੇਟ ਨੇ ਇਨ੍ਹਾਂ ਦੁਕਾਨਦਾਰਾਂ ਨੂੰ ਇਹ ਹਦਾਇਤ ਕੀਤੀ ਸੀ ਕਿ ਉਹ 6900 ਰੁਪਏ ਦੇ ਹਿਸਾਬ ਨਾਲ ਪੰਜ ਸਾਲ ਦਾ ਕਿਰਾਇਆ ਜਮ੍ਹਾਂ ਕਰਵਾਉਣ ਪ੍ਰੰਤੂ ਇਹ ਦੁਕਾਨਦਾਰ ਕਿਰਾਇਆ ਜਮ੍ਹਾਂ ਕਰਾਉਣ ਦੀ ਬਜਾਏ ਪਹਿਲਾਂ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਦਾਲਤ ਅਤੇ ਉਸ ਤੋਂ ਬਾਅਦ ਮਾਣਯੋਗ ਹਾਈਕੋਰਟ ਵਿੱਚ ਚਲੇ ਗਏ, ਜਿੱਥੋਂ ਇਨ੍ਹਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਉਹ ਅੱਜ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਇਨ੍ਹਾਂ ਦੁਕਾਨਾਂ ਦਾ ਕਬਜ਼ਾ ਲੈਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਇਹ ਦੁਕਾਨਦਾਰ ਆਪਣਾ ਬਣਦਾ ਕਿਰਾਇਆ ਜਮ੍ਹਾਂ ਕਰਵਾ ਦੇਣਗੇ ਤਾਂ ਉਨ੍ਹਾਂ ਦਾ ਸਾਮਾਨ ਵਾਪਸ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਬੱਸ ਅੱਡੇ ਦੇ ਅੰਦਰ ਮਨਿਆਰੀ ਦੀ ਦੁਕਾਨ ਕਰਦੇ ਮੋਹਿਤ ਕੁਮਾਰ ਨੇ ਦੋਸ਼ ਲਾਇਆ ਕਿ ਰੋਡਵੇਜ਼ ਮਹਿਕਮੇ ਵੱਲੋਂ ਅੱਜ ਉਨ੍ਹਾਂ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮਾਣਯੋਗ ਹਾਈ ਕੋਰਟ ਵੱਲੋਂ ਦਿੱਤਾ ਹੋਇਆ ਸਟੇਅ ਆਰਡਰ ਮੌਜੂਦ ਹੈ।