ਗਗਨਦੀਪ ਅਰੋੜਾ
ਲੁਧਿਆਣਾ, 30 ਅਕਤੂਬਰ
ਇੱਥੋਂ ਦੇ ਸੁੰਦਰ ਨਗਰ ਖੇਤਰ ’ਚ ਸਥਿਤ ਮੁਥੂਟ ਫਾਇਨਾਂਸ ਕੰਪਨੀ ਦੇ ਦਫ਼ਤਰ ਵਿੱਚ ਗਾਹਕਾਂ ਦੇ ਭੇਸ ਵਿਚ ਸੋਨਾ ਲੁੱਟਣ ਆਏ ਚਾਰ ਲੁਟੇਰਿਆਂ ਨੇ ਬਰਾਂਚ ਮੈਨੇਜਰ ’ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਹੈ। ਗੋਲੀ ਦੀ ਆਵਾਜ਼ ਸੁਣ ਕੇ ਗੇਟ ’ਤੇ ਬੈਠੇ ਸੁਰੱਖਿਆ ਕਰਮੀ ਨੇ ਸ਼ਟਰ ਬੰਦ ਕਰ ਲਿਆ ਤੇ ਲੁਟੇਰਿਆਂ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਇਕ ਲੁਟੇਰੇ ਦੀ ਮੌਤ ਹੋ ਗਈ ਤੇ ਤਿੰਨ ਜਣੇ ਭੱਜਣ ਵਿੱਚ ਸਫ਼ਲ ਹੋ ਗਏ। ਜ਼ਖ਼ਮੀ ਮੈਨੇਜਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪੁਲੀਸ ਟੀਮ ਸਣੇ ਮੌਕੇ ’ਤੇ ਪੁੱਜੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਸੁੰਦਰ ਨਗਰ ਇਲਾਕੇ ਦੇ ਯੂਨੀਅਨ ਬੈਂਕ ਵਾਲੀ ਬਿਲਡਿੰਗ ਦੀ ਪਹਿਲੀ ਮੰਜ਼ਲ ’ਤੇ ਮੁਥੂਟ ਫਾਇਨਾਂਸ ਕੰਪਨੀ ਦਾ ਦਫ਼ਤਰ ਹੈ। ਅੱਜ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਚਾਰ ਨੌਜਵਾਨ ਇੱਥੇ ਗਾਹਕ ਬਣ ਕੇ ਆਏ। ਉਨ੍ਹਾਂ ਦਫ਼ਤਰ ’ਚ ਦਾਖ਼ਲ ਹੁੰਦਿਆਂ ਸਾਰ ਮੈਨੇਜਰ ਸਨੀ ਨਾਲ ਬਹਿਸਣਾ ਸ਼ੁਰੂ ਕਰ ਦਿੱਤਾ ਅਤੇ ਸੋਨੇ ਵਾਲੀ ਅਲਮਾਰੀ ਦੀ ਚਾਬੀ ਮੰਗਣ ਲੱਗ ਪਏ। ਜਦੋਂ ਮੈਨੇਜਰ ਨੇ ਚਾਬੀ ਨਾ ਦਿੱਤੀ ਤਾਂ ਇੱਕ ਨੌਜਵਾਨ ਨੇ ਮੈਨੇਜਰ ਦੇ ਹੱਥ ’ਤੇ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਸੁਣਦੇ ਹੀ ਸੁਰੱਖਿਆ ਮੁਲਾਜ਼ਮ ਨੇ ਦਫ਼ਤਰ ਦਾ ਸ਼ਟਰ ਬੰਦ ਕਰ ਲਿਆ। ਜਦੋਂ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸੁਰੱਖਿਆ ਮੁਲਾਜ਼ਮ ਨੇ ਗੋਲੀ ਚਲਾ ਦਿੱਤੀ, ਜੋ ਇੱਕ ਨੌਜਵਾਨ ਦੀ ਗਰਦਨ ’ਤੇ ਲੱਗੀ, ਜਿਸ ਦੀ ਮੌਤ ਹੋ ਗਈ ਤੇ ਬਾਕੀ ਤਿੰਨ ਨੌਜਵਾਨ ਫਰਾਰ ਹੋ ਗਏ। ਮ੍ਰਿਤਕ ਮੁਲਜ਼ਮ ਦੀ ਪਛਾਣ ਅਮਰਪ੍ਰਤਾਪ ਸਿੰਘ ਵਾਸੀ ਬਿਹਾਰ ਵਜੋਂ ਹੋਈ ਹੈ।
ਪਹਿਲਾਂ ਵੀ ਲੁਟੇਰਿਆਂ ਦੇ ਨਿਸ਼ਾਨੇ ’ਤੇ ਰਹੀ ਹੈ ਮੁਥੂਟ ਫਾਇਨਾਂਸ ਕੰਪਨੀ
ਲੁਧਿਆਣਾ ’ਚ ਵੱਡੀ ਫਾਇਨਾਂਸ ਕੰਪਨੀਆਂ ਦੇ ਦਫ਼ਤਰ ਲੁਟੇਰਿਆਂ ਦੇ ਨਿਸ਼ਾਨੇ ’ਤੇ ਹਨ। 16 ਅਕਤੂਬਰ 2020 ਨੂੰ ਵੀ ਦੁੱਗਰੀ ਸਥਿਤ ਮਥੂਟ ਕੰਪਨੀ ਦੀ ਬ੍ਰਾਂਚ ’ਚ ਦਿਨ ਦਿਹਾੜੇ 15 ਕਰੋੜ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ।