ਦੇਵਿੰਦਰ ਸਿੰਘ ਜੱਗੀ
ਪਾਇਲ, 25 ਜੂਨ
ਧਮੋਟ-ਪਾਇਲ ਰੋਡ ’ਤੇ ਪੈਂਦੀ ਸੋਨਾ ਕੈਟਲ ਫੀਡ ਦੇ ਮਾਲਕ ਕੋਲੋਂ ਲੁਟੇਰੇ ਸ਼ਾਮ ਵੇਲੇ ਪੌਣੇ ਦੋ ਲੱਖ ਰੁਪਏ ਦੀ ਨਕਦੀ ਤੇ ਲਾਇਸੈਂਸੀ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ। ਫੀਡ ਫੈਕਟਰੀ ਦੇ ਮਾਲਕ ਪਰਮਜੀਤ ਸਿੰਘ ਤੇ ਕੇਵਲ ਸਿੰਘ ਵਾਸੀ ਅਫਜੁੱਲਾਪੁਰ ਨੇ ਦੱਸਿਆ ਕਿ ਸ਼ਾਮ ਸਾਢੇ ਕੁ ਪੰਜ ਵਜੋ ਦੋ ਵਿਅਕਤੀ ਫੈਕਟਰੀ ਦੇ ਦਫ਼ਤਰ ਅੰਦਰ ਲਿਫਾਫਾ ਲੈ ਕੇ ਆਏ ਤੇ ਰਿਵਾਲਵਰ ਦਿਖਾ ਕੇ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਨਕਦੀ ਹੈ, ਉਨ੍ਹਾਂ ਨੂੰ ਦੇ ਦੇਣ। ਜਦੋਂ ਉਨ੍ਹਾਂ ਮਾੜੀ-ਮੋਟੀ ਹਰਕਤ ਕੀਤੀ ਤਾਂ ਲੁਟੇਰਿਆਂ ਨੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ, ਜੋ ਪਿੱਛੇ ਕੰਧ ਵਿਚ ਲੱਗਿਆ। ਲੁਟੇਰੇ ਜਾਂਦੇ ਹੋਏ ਨਕਦੀ ਤੇ ਲਾਇਸੈਂਸੀ ਰਿਵਾਲਵਰ ਵੀ ਖੋਹ ਕੇ ਲੈ ਗਏ।
ਪਰਮਜੀਤ ਸਿੰਘ ਤੇ ਕੇਵਲ ਸਿੰਘ ਨੇ ਦੱਸਿਆ ਕਿ ਲੁਟੇਰੇ ਸਿਲਵਰ ਰੰਗ ਦੀ ਸਵਿਫਟ ਕਾਰ ਵਿਚ ਧਮੋਟ ਵਾਲੇ ਪਾਸੇ ਫ਼ਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ ਹੈ। ਸੂਚਨਾ ਮਿਲਣ ’ਤੇ ਐੱਸਐੱਸਪੀ ਖੰਨਾ ਹਰਪ੍ਰੀਤ ਸਿੰਘ, ਐੱਸਪੀ ਜਗਵਿੰਦਰ ਸਿੰਘ ਚੀਮਾ, ਡੀਐੱਸਪੀ ਪਾਇਲ ਹਰਦੀਪ ਸਿੰਘ ਚੀਮਾ, ਐੱਸਐੱਚਓ ਪਾਇਲ ਕਰਨੈਲ ਸਿੰਘ ਤੇ ਸੀਆਈਏ ਖੰਨਾ ਦੇ ਇੰਚਾਰਜ ਗੁਰਮੇਲ ਸਿੰਘ ਘਟਨਾ ਸਥਾਨ ’ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਡੀਐੱਸਪੀ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੁਲੀਸ ਵੱਲੋਂ ਫੈਕਟਰੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ। ਪੁਲੀਸ ਦੀਆਂ ਟੀਮਾਂ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਪਾਇਲ ਦੇ ਮੁੱਖ ਅਫ਼ਸਰ ਕਰਨੈਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।