ਪੱਤਰ ਪ੍ਰੇਰਕ
ਤਲਵੰਡੀ ਸਾਬੋ, 7 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਤਿਰੰਗੇ ਦੀ ਥਾਂ ਘਰਾਂ ਉੱਪਰ ਕੇਸਰੀ ਝੰਡੇ ਝੁਲਾਉਣ ਦਾ ਪ੍ਰੋਗਰਾਮ ਕੁਝ ਸਿੱਖ ਜਥੇਬੰਦੀਆਂ ਦਾ ਨਿੱਜੀ ਪ੍ਰੋਗਰਾਮ ਹੈ। ਸ਼੍ਰੋਮਣੀ ਕਮੇਟੀ ਆਪਣਾ ਫ਼ੈਸਲਾ 10 ਅਗਸਤ ਨੂੰ ਲਵੇਗੀ। ਸ੍ਰੀ ਧਾਮੀ ਇੱਥੇ ਧਾਰਮਿਕ ਸਮਾਗਮ ’ਚ ਸ਼ਮੂਲੀਅਤ ਲਈ ਆਏ ਸਨ। ਇਸ ਦੌਰਾਨ ਦਲ ਖ਼ਾਲਸਾ ਵੱਲੋਂ ਆਜ਼ਾਦੀ ਦਿਵਸ ਮੌਕੇ ਘਰਾਂ ਉੱਪਰ ਝੁਲਾਏ ਜਾਣ ਵਾਲੇ ਕੇਸਰੀ ਝੰਡੇ ਮੁਹੱਈਆ ਕਰਵਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਅਪੀਲ ’ਤੇ ਜਵਾਬ ਨਾ ਦਿੰਦਿਆਂ ਭਾਈ ਧਾਮੀ ਨੇ ਕਿਹਾ ਕਿ 15 ਅਗਸਤ ਦੇ ਪ੍ਰੋਗਰਾਮ ਨੂੰ ਦਸ ਅਗਸਤ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ 30 ਅਗਸਤ ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਮਨਾਏ ਜਾਣਗੇ।