* ਬੀਕੇਯੂ (ਏਕਤਾ ਉਗਰਾਹਾਂ) ਵੱਲੋਂ ਅੰਦੋਲਨ ’ਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ
* ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਦਵਿੰਦਰ ਪਾਲ
ਚੰਡੀਗੜ੍ਹ, 23 ਦਸੰਬਰ
ਪੰਜਾਬ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦਾ ਦਾਇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਸੂਬੇ ਵਿੱਚ ਅੱਜ ਕਿਸਾਨਾਂ ਨੇ 300 ਤੋਂ ਵੱਧ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ ਹਨ ਤੇ ਧਰਨੇ ਦਿੱਤੇ ਹਨ। ਕਿਸਾਨਾਂ ਨੇ ਅੰਦੋਲਨ ਦੌਰਾਨ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਹੈ। ਇਸ ਤੋਂ ਇਲਾਵਾ ਟੌਲ ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਅਤੇ ਰੇਲਵੇ ਸਟੇਸ਼ਨਾਂ ਦੇ ਪਾਰਕਾਂ ’ਚ ਧਰਨੇ ਦਿੱਤੇ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅੱਜ ਚੌਥੇ ਦਿਨ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਗਏ ਜੁਝਾਰੂਆਂ ਨੂੰ 15 ਜ਼ਿਲ੍ਹਿਆਂ ਦੇ 258 ਪਿੰਡਾਂ ਵਿੱਚ ਸੰਗਰਾਮੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਰੋਹ ਭਰਪੂਰ ਰੋਸ ਮਾਰਚ ਕੀਤੇ ਗਏ। ਕਿਸਾਨਾਂ ਦੇ ਇਕੱਠਾਂ ਨੇ ਸਮੂਹਿਕ ਤੌਰ ’ਤੇ ਖੜ੍ਹੇ ਹੋ ਕੇ ਦੋ ਮਿੰਟ ਲਈ ਮੌਨ ਰੱਖਿਆ ਤੇ ਕੁਰਬਾਨੀਆਂ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਕੀਤਾ। ਕਿਸਾਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦਾ ਅੜੀਖੋਰ ਕਾਰਪੋਰੇਟਾਂ ਪੱਖੀ ਵਤੀਰਾ 45 ਤੋਂ ਵੱਧ ਜਾਨਾਂ ਲੈ ਚੁੱਕਾ ਹੈ ਜਿਨ੍ਹਾਂ ਵਿੱਚ ਢਾਈ ਦਰਜਨ ਤੋਂ ਵੱਧ ਜ਼ਿੰਦਗੀਆਂ ਤਾਂ ਦਿੱਲੀ ਮੋਰਚੇ ’ਚ ਹੀ ਕੁਰਬਾਨ ਹੋ ਚੁੱਕੀਆਂ ਹਨ। ਬੁਲਾਰਿਆਂ ਨੇ ਸੰਘਰਸ਼ ਦੌਰਾਨ ਹੋਈਆਂ ਖ਼ੁਦਕੁਸ਼ੀਆਂ ਨੂੰ ਅਤਿ ਦੁਖਦਾਈ ਅਤੇ ਮੰਦਭਾਗਾ ਦੱਸਦੇ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਸਿਰੜ ਸਿਦਕ ਨਾਲ ਘੋਲ਼ ਦੇ ਮੈਦਾਨ ਵਿੱਚ ਕੁੱਦਣ ਤੇ ਡਟੇ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਬੇਮਿਸਾਲ ਇਕਜੁੱਟ ਕਿਸਾਨ ਸੰਘਰਸ਼ ਨੂੰ ਦੇਸ਼ ਵਿਦੇਸ਼ ’ਚੋਂ ਹਰ ਵਰਗ ਦੇ ਕਿਰਤੀਆਂ, ਬੁੱਧੀਜੀਵੀਆਂ, ਛੋਟੇ ਕਾਰੋਬਾਰੀਆਂ ਅਤੇ ਕਲਾਕਾਰਾਂ ਵੱਲੋਂ ਮਿਲ ਰਹੀ ਹਰ ਤਰ੍ਹਾਂ ਦੀ ਜ਼ੋਰਦਾਰ ਹਮਾਇਤ ਨਾਲ ਪਾਟਕ ਪਾਊ ਚਾਲਾਂ, ਝੂਠਾ ਪ੍ਰਚਾਰ ਤੇ ਸਿਆਸੀ ਚਾਲਾਂ ਲਗਾਤਾਰ ਨਾਕਾਮ ਹੋ ਰਹੀਆਂ ਹਨ। ਵੱਖ-ਵੱਖ ਥਾਂਈਂ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨਾਂ ’ਚ ਤਜਵੀਜ਼ਤ ਸੋਧਾਂ ਨੂੰ ਰੱਦ ਕਰਨ ਦਾ ਅਰਥ ਫ਼ਸਲਾਂ ਦੇ ਮੰਡੀਕਰਨ ’ਚ ਕਾਰਪੋਰੇਟਾਂ ਦੇ ਦਾਖ਼ਲੇ ਨੂੰ ਰੋਕਣਾ ਹੈ। ਇਨ੍ਹਾਂ ਸੋਧਾਂ ਨੂੰ ਮੰਨਣ ਨਾਲ ਫ਼ਸਲਾਂ ਦੇ ਮੰਡੀਕਰਨ ’ਚ ਕਾਰਪੋਰੇਟਾਂ ਦਾ ਦਾਖਲਾ ਖੁੱਲ੍ਹਾ ਹੀ ਰਹਿੰਦਾ ਹੈ। ਇਹ ਦਾਖਲਾ ਬੰਦ ਕਰਨ ਲਈ ਕਾਨੂੰਨ ਰੱਦ ਕਰਨੇ ਹੀ ਬਣਦੇ ਹਨ ਅਤੇ ਇਸ ਮੰਗ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ ਭਲਕੇ 15 ਜ਼ਿਲ੍ਹਿਆਂ ਦੇ ਕਈ ਦਰਜਨ ਬਲਾਕਾਂ ਵਿੱਚ ਵਿਸ਼ਾਲ ਸ਼ਰਧਾਂਜਲੀ ਸਮਾਗਮ ਅਤੇ ਰੋਸ ਮਾਰਚ ਕੀਤੇ ਜਾਣਗੇ। ਇਸ ਦੌਰਾਨ ਜਥੇਬੰਦੀ ਵੱਲੋਂ ਰੋਜ਼ਾਨਾ ਦਿੱਤੇ ਜਾ ਰਹੇ ਸੱਦਿਆਂ ਮੁਤਾਬਕ 26 ਨੂੰ ਖਨੌਰੀ ਤੋਂ ਅਤੇ 27 ਨੂੰ ਡੱਬਵਾਲੀ ਤੋਂ ਭਾਰੀ ਗਿਣਤੀ ਔਰਤਾਂ, ਨੌਜਵਾਨਾਂ ਸਮੇਤ ਘੱਟੋ-ਘੱਟ 15-15 ਹਜ਼ਾਰ ਕਿਸਾਨਾਂ-ਮਜ਼ਦੂਰਾਂ ਦੇ ਕਾਫ਼ਲੇ ਦਿੱਲੀ ਵੱਲੀਂ ਕੂਚ ਕਰਨਗੇ ਅਤੇ ਰਸਤੇ ਵਿੱਚ ਪੜਾਅ ਦੌਰਾਨ ਹਰਿਆਣੇ ਦੇ ਲੋਕਾਂ ਨਾਲ ਸਾਂਝੀਆਂ ਰੈਲੀਆਂ ਕੀਤੀਆਂ ਜਾਣਗੀਆਂ।
ਸੂਬੇ ਦੇ 14 ਜ਼ਿਲ੍ਹਿਆਂ ਵਿਚ ਭੁੱਖ ਹੜਤਾਲ ਕੀਤੀ ਗਈ
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸੂਬੇ ਦੇ 14 ਜ਼ਿਲ੍ਹਿਆਂ ਵਿਚ ਭੁੱਖ ਹੜਤਾਲ ਕੀਤੀ ਗਈ। ਹੜਤਾਲ ਵਿੱਚ 2 ਲੱਖ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ ਤੇ ਹੋਰਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ, ਬਿਜਲੀ ਐਕਟ 2020 ਤੇ ਹੋਰ ਕਾਲੇ ਕਾਨੂੰਨ ਲੋਕਾਂ ਦਾ ਜਿਊਣਾ ਦੁੱਭਰ ਕਰ ਦੇਣਗੇ। ਜਥੇਬੰਦੀਆਂ ਨੇ ਦੇਸ਼ ਵਿਆਪੀ ਸੱਦੇ ਤਹਿਤ ਪ੍ਰਧਾਨ ਮੰਤਰੀ ਵਲੋਂ ‘ਮਨ ਕੀ ਬਾਤ’ ਕਰਨ ਵਾਲੇ ਦਿਨ ਭਾਂਡੇ ਖੜਕਾਉਣ ਦਾ ਸੱਦਾ ਵੀ ਦਿੱਤਾ।
ਹਰਿਆਣਾ ’ਚ ਵੀ ਕਿਸਾਨਾਂ-ਮਜ਼ਦੂਰਾਂ ਵੱਲੋਂ ਭੁੱਖ ਹੜਤਾਲ
ਚੰਡੀਗੜ੍ਹ (ਟਨਸ): ਕਿਸਾਨ ਮੋਰਚੇ ਦੇ ਸੱਦੇ ’ਤੇ ਹਰਿਆਣਾ ਵਿੱਚ ਵੀ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਅੱਧੇ ਦਿਨ ਦੀ ਭੁੱਖ ਹੜਤਾਲ ਕੀਤੀ। ਬੀਕੇਯੂ ਆਗੂ ਰਤਨ ਮਾਨ ਨੇ ਇਸ ਮੌਕੇ ਅੰਬਾਲਾ ਵਿੱਚ ਕਿਸਾਨਾਂ ’ਤੇ ਕੇਸ ਦਰਜ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅੰਬਾਲਾ ਵਿੱਚ ਕਿਸਾਨ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 25 ਤੋਂ 27 ਦਸੰਬਰ ਤੱਕ ਹਰਿਆਣਾ ਦੇ ਸਾਰੇ ਟੌਲ ਪਲਾਜ਼ਿਆਂ ਨੂੰ ਪਰਚੀ ਮੁਕਤ ਕੀਤਾ ਜਾਵੇਗਾ। ਕਿਸਾਨ ਆਗੂ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਅੜੀਅਲ ਰਵੱਈਆ ਛੱਡ ਕੇ ਮੰਗਾਂ ਨਹੀਂ ਮੰਨਦੀ, ਸੰਘਰਸ਼ ਜਾਰੀ ਰਹੇਗਾ।