ਮਨੋਜ ਸ਼ਰਮਾ
ਬਠਿੰਡਾ, 26 ਦਸੰਬਰ
ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਦੂਜਾ ਦਿਨ ਪੰਜਾਬ ਦੀਆਂ ਵੱਖ ਵੱਖ ਲੋਕਾਂ ਲਹਿਰਾਂ ਨੂੰ ਸਮਰਪਿਤ ਰਿਹਾ। ਵਿਚਾਰ ਚਰਚਾ ਦੌਰਾਨ ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ, ਕਿਸਾਨ ਅੰਦੋਲਨ ’ਤੇ ਗੱਲਬਾਤ ਕਰਦਿਆਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪੰਜਾਬ ਵਿੱਚ ਪਿਛਲੀ ਇੱਕ ਸਦੀ ਦੌਰਾਨ ਹੋਏ ਵੱਖ ਵੱਖ ਅੰਦੋਲਨਾਂ ਵਿੱਚ ਇੱਕ ਪਾਸੇ ਲੋਕ ਹਿੱਤ ਅਤੇ ਸਮੂਹਿਕ ਭਾਈਚਾਰੇ ਲਈ ਕੰਮ ਕਰਦੀਆਂ ਧਿਰਾਂ ਅਤੇ ਦੂਜੇ ਪਾਸੇ ਸੱਤਾਧਾਰੀ ਜਮਾਤਾਂ ਸੰਘਰਸ਼ ਵਿੱਚ ਲਗਾਤਾਰ ਕਸ਼ਮਕਸ਼ ਕਰਦੀਆਂ ਰਹੀਆਂ ਹਨ ਪਰ ਜਨ ਸਧਾਰਨ ਲੋਕਾਂ ਦੇ ਮਸਲਿਆਂ ਨੂੰ ਉਠਾਉਣ ਵਾਲੀਆਂ ਧਿਰਾਂ ਹਮੇਸ਼ਾ ਸਫ਼ਲ ਹੁੰਦੀਆਂ ਰਹੀਆਂ ਹਨ।
ਫੈਸਟੀਵਲ ਦੇ ਦੂਜੇ ਦਿਨ ਅਦਾਰਾ 23 ਮਾਰਚ ਵੱਲੋਂ ਪਹਿਲੇ ਸੈਸ਼ਨ ਵਿੱਚ ‘ਅਕਾਲੀ ਲਹਿਰ ਦੇ ਸੌ ਸਾਲ: ਸਿਆਸਤ ਅਤੇ ਸੰਦਰਭ’ ਵਿਸ਼ੇ ’ਤੇ ਬੋਲਦਿਆਂ ਇਤਿਹਾਸਕਾਰ ਪ੍ਰੋ. ਸੁਖਦੇਵ ਸਿੰਘ ਸੋਹਲ (ਅੰਮ੍ਰਿਤਸਰ) ਨੇ ਅਕਾਲੀ ਲਹਿਰ ਦੀਆਂ ਆਰਥਿਕ ਜੜ੍ਹਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਅੰਗਰੇਜ਼ੀ ਸਾਮਰਾਜ ਦੇ ਕਿਸਾਨੀ ਉੱਤੇ ਪੈਣ ਵਾਲੇ ਪ੍ਰਭਾਵ ਅਤੇ ਉਸ ਵਿੱਚੋਂ ਅਕਾਲੀ ਲਹਿਰ ਦੇ ਉਪਜਣ ਦਾ ਇਤਿਹਾਸ ਬਿਆਨਿਆ। ਗਿਆਨੀ ਹੀਰਾ ਸਿੰਘ ਦਰਦ ਦੇ ਪੋਤਰੇ ਡਾ. ਹਰਜੀਤ ਸਿੰਘ (ਜਲੰਧਰ) ਨੇ ਦੱਸਿਆ ਕਿ ਅਕਾਲੀ ਲਹਿਰ ਦਾ ਨਾਮ ਹੀਰਾ ਸਿੰਘ ਦਰਦ ਦੇ ਅਖ਼ਬਾਰ ਅਕਾਲੀ ਤੋਂ ਪ੍ਰੇਰਿਤ ਸੀ ਅਤੇ ਹੀਰਾ ਸਿੰਘ ਦਰਦ ਦੀ ਕਲਮ ਇਸ ਲਹਿਰ ਵਿੱਚ ਜੋਸ਼ ਭਰਨ ਦਾ ਕੰਮ ਕਰਦੀ ਰਹੀ।
ਦੂਜੇ ਸੈਸ਼ਨ ‘ਕਿਸਾਨ ਅੰਦੋਲਨ: ਪਰਤਾਂ, ਪਾਸਾਰ ਤੇ ਪੜਚੋਲ’ ਵਿੱਚ ਅਰਥ ਸ਼ਾਸਤਰੀ ਬਲਦੇਵ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਭਾਰਤ ਸਰਕਾਰ ਉਨ੍ਹਾਂ ਵਿਦੇਸ਼ੀ ਮਾਡਲਾਂ ਨੂੰ ਲਾਗੂ ਕਰਨ ਜਾ ਰਹੀ ਹੈ ਜੋ ਪਹਿਲਾਂ ਹੀ ਅਸਫ਼ਲ ਹੋ ਚੁੱਕੇ ਹਨ। ਸਮਾਜਿਕ ਕਾਰਕੁਨ ਮਿੰਟੂ ਗੁਰੂਸਰੀਆ ਨੇ ਕਿਹਾ ਕਿ ਮਲਟੀਨੈਸ਼ਨਲ ਕੰਪਨੀਆਂ ਵਿਕਸਤ ਦੇਸ਼ਾਂ ਤੋਂ ਬਾਅਦ ਹੁਣ ਵਿਕਾਸਸ਼ੀਲ ਦੇਸ਼ਾਂ ਦੇ ਬਾਜ਼ਾਰ ਨੂੰ ਪ੍ਰਭਾਵਿਤ ਕਰਕੇ ਸਿੱਧੇ ਰੂਪ ਵਿੱਚ ਲੋਕਾਂ ਦੀ ਲੁੱਟ ਕਰ ਰਹੀਆਂ ਹਨ। ਜਸ਼ਨਪ੍ਰੀਤ ਕੌਰ ਨੇ ਕਾਵਿਕ ਰੂਪ ਵਿੱਚ ਮੌਜੂਦਾ ਕਿਸਾਨ ਅੰਦੋਲਨ ਦੀ ਪੇਸ਼ਕਾਰੀ ਕੀਤੀ। ਤੀਜੇ ਅਤੇ ਆਖ਼ਰੀ ਸੈਸ਼ਨ ਜਸਵੰਤ ਸਿੰਘ ਕੰਵਲ ਦੇ ਨਾਵਲ ‘ਰਾਤ ਬਾਕੀ ਹੈ ਦੀ ਲੋਅ ਵਿੱਚ ਕਿਸਾਨ ਅੰਦੋਲਨ ਨੂੰ ਪੜ੍ਹਦਿਆਂ’ ਵਿੱਚ ਸਿਮਰਨ ਅਕਸ, ਯਾਦਵਿੰਦਰ ਸਿੰਘ ਸੰਧੂ, ਜਸਪਾਲ ਮਾਨਖੇੜਾ ਨੇ ਵਿਚਾਰ ਪ੍ਰਗਟਾਏ। ਵਿਚਾਰ ਚਰਚਾ ਵਿੱਚ ਹਰਮੀਤ ਵਿਦਿਆਰਥੀ, ਲਵਪ੍ਰੀਤ ਫੋਰੋਕੇ, ਕੁਮਾਰ ਸ਼ੁਸ਼ੀਲ ਅਤੇ ਅਮਨਦੀਪ ਕੌਰ ਖੀਵਾ ਨੇ ਹਿੱਸਾ ਲਿਆ। ਇਨ੍ਹਾਂ ਤਿੰਨਾਂ ਸੈਸ਼ਨਾਂ ਦੇ ਸੂਤਰਧਾਰ ਸੁਮੇਲ ਸਿੰਘ ਸਿੱਧੂ ਨੇ ਵਿਚਾਰ ਚਰਚਾ ਦਾ ਸੰਚਾਲਨ ਕੀਤਾ। ਫੈਸਟੀਵਲ ਦੌਰਾਨ ਪਾਠਕਾਂ ਨੇ ਪੁਸਤਕ ਪ੍ਰਦਸ਼ਨੀਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਨਾਮਵਾਰ ਚਿਤਰਕਾਰ ਗੁਰਪ੍ਰੀਤ ਬਠਿੰਡਾ ਦੀ ਚਿਤਰ ਪ੍ਰਦਰਸ਼ਨੀ ‘ਵਿਰੋਧ ਦੇ ਰੰਗ’ ਨੇ ਵੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚੇ।