ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਮਈ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੰਦੌਰ ’ਚ ਗੁਰਬਾਣੀ ਦੇ ਗੁਟਕੇ ਅੰਦਰ ਤਸਵੀਰ ਲਗਾਉਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਸਬੰਧੀ ਪੜਤਾਲ ਦੇ ਆਦੇਸ਼ ਦਿੱਤੇ ਹਨ। ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਉਪਰੋਕਤ ਮਾਮਲਾ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਰਾਹੀਂ ਸਾਹਮਣੇ ਆਇਆ ਹੈ, ਜਿਸ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਧਰਮ ਪ੍ਰਚਾਰ ਕਮੇਟੀ ਵੱਲੋਂ ਪੜਤਾਲ ਲਈ ਪ੍ਰਚਾਰਕ ਭਾਈ ਭੁਪਿੰਦਰ ਸਿੰਘ ਦੀ ਡਿਊਟੀ ਲਾਈ ਗਈ ਸੀ, ਜਿਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੰਦੌਰ ਨੇੜਲੇ ਗੁਰਦੁਆਰਾ ਬੇਟਮਾ ਸਾਹਿਬ ਵਿੱਚ ਹਿੰਦੀ ਭਾਸ਼ਾ ਵਿੱਚ ਛਪੇ ਸੁਖਮਨੀ ਸਾਹਿਬ ਦੇ ਇੱਕ ਗੁਟਕੇ ਵਿੱਚ ਕਿਸੇ ਸਿੰਧੀ ਪਰਿਵਾਰ ਵੱਲੋਂ ਆਪਣੇ ਅਕਾਲ ਚਲਾਣਾ ਕਰ ਗਏ ਪਰਿਵਾਰਕ ਮੈਂਬਰ ਦੀ ਤਸਵੀਰ ਲਗਾਈ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਪੁੱਜੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।