ਗਗਨਦੀਪ ਅਰੋੜਾ
ਲੁਧਿਆਣਾ, 4 ਜਨਵਰੀ
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਭਾਰੀ ਮੀਂਹ ਤੇ ਗੜੇ ਪੈਣ ਦੀ ਚਿਤਾਵਨੀ ਦਿੱਤੀ ਹੈ। ਫਿਰੋਜ਼ਪੁਰ ਵਿੱਚ ਭਲਕੇ ਪੰਜ ਜਨਵਰੀ ਨੂੰ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਤੇ ਇਸ ਦਾ ਅਸਰ ਪੈ ਸਕਦਾ ਹੈ। ਭਾਜਪਾ ਲਈ ਇਹ ਰੈਲੀ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਰੈਲੀ ਸਫ਼ਲ ਬਣਾਉਣ ਲਈ ਕੇਂਦਰੀ ਲੀਡਰਸ਼ਿਪ ਤੋਂ ਇਲਾਵਾ ਸੂਬਾਈ ਆਗੂਆਂ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈ।
ਜੇ ਮੀਂਹ ਪੈਂਦਾ ਹੈ ਤਾਂ ਲੋਕਾਂ ਨੂੰ ਰੈਲੀ ਵਾਲੇ ਸਥਾਨ ’ਤੇ ਪੁੱਜਣ ਅਤੇ ਉਥੇ ਬੈਠਣ ’ਚ ਦਿੱਕਤ ਹੋਵੇਗੀ। ਮੌਸਮ ਵਿਭਾਗ ਦੀ ਮੰਨੀਏ ਤਾਂ ਪੱਛਮੀ ਗੜਬੜੀ ਦੇ ਚੱਲਦਿਆਂ ਚੱਲ ਰਹੀਆਂ ਹਵਾਵਾਂ ਦੇ ਦਬਾਅ ਕਾਰਨ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕਿ 5, 6 ਅਤੇ 7 ਜਨਵਰੀ ਨੂੰ ਮੌਸਮ ’ਚ ਤਬਦੀਲੀ ਆਵੇਗੀ। ਮੀਂਹ ਦੇਰੀ ਨਾਲ ਪੈ ਰਿਹਾ ਹੈ, ਜੋ ਕਣਕ ਸਮੇਤ ਬਾਕੀ ਫਸਲਾਂ ਲਈ ਲਾਹੇਵੰਦ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਵੀ ਇਸ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲੇਗੀ।
ਪੀਏਯੂ ਵਿਚ ਮੌਸਮ ਵਿਭਾਗ ਦੇ ਪ੍ਰਧਾਨ ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਕੇਂਦਰੀ ਮੌਸਮ ਵਿਭਾਗ ਤੇ ਉਨ੍ਹਾਂ ਦੀ ਸਟੱਡੀ ਅਨੁਸਾਰ 5 ਜਨਵਰੀ ਨੂੰ ਮੀਂਹ ਪੈ ਸਕਦਾ ਹੈ। ਪੰਜਾਬ ਦਾ ਉੱਤਰੀ ਇਲਾਕਾ ਜਿਵੇਂ ਫਿਰੋਜ਼ਪੁਰ, ਬਠਿੰਡਾ, ਲੁਧਿਆਣਾ, ਮੋਗਾ ਆਦਿ ਇਸ ਨਾਲ ਪ੍ਰਭਾਵਿਤ ਹੋਣਗੇ। ਕੁਝ ਇਲਾਕਿਆਂ ’ਚ ਗੜੇ ਪੈਣ ਦੀ ਸੰਭਾਵਨਾ ਵੀ ਹੈ।
ਭਾਜਪਾ ਸਮੇਤ ਹੋਰ ਪਾਰਟੀਆਂ ਦੇ ਆਗੂ ਰੈਲੀ ’ਚ ਹੋਣਗੇ ਸ਼ਾਮਲ
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਰਪੁਰ ਰੈਲੀ ਵਿੱਚ ਭਾਜਪਾ ਸਮੇਤ ਹੋਰ ਪਾਰਟੀਆਂ ਦੇ ਵੱਡੇ ਆਗੂ ਵੀ ਸ਼ਮੂਲੀਅਤ ਕਰਨਗੇ। ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਮੀਨਾਕਸ਼ੀ ਲੇਖੀ ਅੱਜ ਹੀ ਫ਼ਿਰੋਜ਼ਪੁਰ ਪਹੁੰਚ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ, ਸੋਮ ਪ੍ਰਕਾਸ਼, ਕੈਪਟਨ ਅਮਰਿੰਦਰ ਸਿੰਘ, ਹੰਸ ਰਾਜ ਹੰਸ, ਦੁਸ਼ਯੰਤ ਗੌਤਮ, ਅਸ਼ਵਨੀ ਸ਼ਰਮਾ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਰੈਲੀ ਵਿੱਚ ਸ਼ਾਮਲ ਹੋਣਗੇ।
ਸੋਸ਼ਲ ਮੀਡੀਆ ਉੱਤੇ ‘ਮੋਦੀ ਗੋ ਬੈਕ’ ਮੁਹਿੰਮ
ਸੋਸ਼ਲ ਮੀਡੀਆ ’ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤਹਿਤ ਟਵਿਟਰ ਹੈਂਡਲ ‘ਟ੍ਰੈਕਟਰ ਟੂ ਟਵਿੱਟਰ’ ਉੱਤੇ ‘ਮੋਦੀ ਗੋ ਬੈਕ’ ਦੀ ਮੁਹਿੰਮ ਚਲਾਈ ਗਈ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ। ਇਸ ਸਬੰਧੀ ਵੀਡੀਓਜ਼ ਜਾਰੀ ਕਰ ਕੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਇਨਸਾਫ਼ ਮੰਗਿਆ ਜਾ ਰਿਹਾ ਹੈ।