ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 14 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ’ਚ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਜੰਮੂ-ਕਸ਼ਮੀਰ ਦੇ ਸਿੱਖ ਵਿਦਿਆਰਥੀ ਸਵਪਨਦੀਪ ਸਿੰਘ ਸੋਢੀ ਨਾਲ ਜੱਗੋਂ ਤੇਰਵੀਂ ਹੋਈ, ਜਿਸ ਨੇ ਉਸ ਦਾ ਇੰਜਨੀਅਰ ਬਣਨ ਦਾ ਸੁਫ਼ਨਾ ‘ਤੋੜ’ ਦਿੱਤਾ। ਬਾਰ੍ਹਵੀਂ ’ਚ ਉਸ ਦੇ 93.6 ਅੰਕ ਹਨ। ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿੱਚ ਦਾਖ਼ਲੇ ਸਮੇਂ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਉਹ ਹੁਸ਼ਿਆਰ ਬੱਚਾ ਹੈ ਤੇ ਉਸ ਦੀ ਪੂਰੀ ਫ਼ੀਸ ਮੁਆਫ਼ ਹੈ। ਉਹ ਇਸ ਕਾਲਜ ਵਿੱਚ ਮੁਫ਼ਤ ਸਿੱਖਿਆ ਹਾਸਲ ਕਰ ਸਕੇਗਾ ਪਰ ਹੁਣ ਉਸ ਨੂੰ ਕਾਲਜ ਨੇ ਇੱਕ ਸੂਚੀ ਸੌਂਪੀ ਹੈ, ਜਿਸ ਵਿੱਚ ਵੱਖ-ਵੱਖ ਸਮੈਸਟਰਾਂ ਦਾ 2 ਲੱਖ 40 ਹਜ਼ਾਰ ਰੁਪਏ ਖਰਚਾ ਭਰਨ ਲਈ ਕਿਹਾ ਹੈ। ਫ਼ੀਸ ਨਾ ਭਰਨ ’ਤੇ ਫਾਈਨਲ ਇਮਤਿਹਾਨਾਂ ਵਿੱਚ ਬੈਠਣ ਦੀ ਮਨਾਹੀ ਕੀਤੀ ਗਈ ਹੈ। ਇਕਦਮ ਇੰਨੀ ਵੱਡੀ ਰਕਮ ਭਰਨ ਦੇ ਜਾਰੀ ਹੋਏ ਫ਼ਰਮਾਨ ਤੋਂ ਬਾਅਦ ਸਵਪਨਦੀਪ ਸਦਮੇ ਵਿੱਚ ਹੈ। ਫ਼ੋਨ ’ਤੇ ਆਪਣਾ ਦੁੱਖੜਾ ਸੁਣਾਉਂਦਿਆਂ ਸਵਪਨਦੀਪ ਨੇ ਦੱਸਿਆ ਕਿ ਦਾਖਲੇ ਸਮੇਂ ਉਸ ਕੋਲੋਂ ਕੋਈ ਫੀਸ ਲੈਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਉਸ ਕੋਲੋਂ ਪੈਸੇ ਮੰਗੇ ਜਾ ਰਹੇ ਹਨ। ਉਸ ਨੇ ਆਖਿਆ ਕਿ ਉਸ ਦਾ ਪਿਤਾ ਦਿਹਾੜੀਦਾਰ ਡਰਾਈਵਰ ਹੈ ਤੇ ਉਹ ਪੈਸਿਆਂ ਦਾ ਪ੍ਰਬੰਧ ਨਹੀਂ ਕਰ ਸਕਦਾ। ਊਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨਾਲ ਵਧੀਕੀ ਕੀਤੀ ਹੈ।