ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਅਗਸਤ
ਸ੍ਰੀ ਦਰਬਾਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਸਮੇਂ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਨੇ ਇਕ ਬਜ਼ੁਰਗ ਵਿਅਕਤੀ ਨਾਲ ਦੁਰਵਿਹਾਰ ਕਰਦਿਆਂ ਉਸ ਦੀ ਧੂਹ-ਘਸੀਟ ਤੇ ਕੁੱਟਮਾਰ ਕੀਤੀ। ਬਜ਼ੁਰਗ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। ਮਾਮਲਾ ਅੱਜ ਉਸ ਵੇਲੇ ਸਾਹਮਣੇ ਆਇਆ ਜਦੋਂ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਇੱਕ ਅੰਮ੍ਰਿਤਧਾਰੀ ਸ਼ਰਧਾਲੂ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਘਟਨਾ ਸ੍ਰੀ ਅਕਾਲ ਤਖ਼ਤ ਦੇ ਨੇੜੇ ਵਾਪਰੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ’ਤੇ ਸ਼੍ਰੋਮਣੀ ਕਮੇਟੀ ਦੀ ਨਿਖੇਧੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਨੇ ਗਲਿਆਰਾ ਚੌਕੀ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ਉਹ ਰੋਜ਼ ਸਵੇਰੇ ਸੇਵਾ ਕਰਨ ਲਈ ਗੁਰੂਘਰ ਆਉਂਦਾ ਹੈ। ਉਹ ਪਾਲਕੀ ਸਾਹਿਬ ਦੀ ਰਵਾਨਗੀ ਵੇਲੇ ਵੀ ਸੇਵਾ ਵਿੱਚ ਹਿੱਸਾ ਲੈਣਾ ਚਾਹੁੰਦਾ ਸੀ, ਪਰ ਉਥੇ ਤਾਇਨਾਤ ਮੁਲਾਜ਼ਮਾਂ ਨੇ ਉਸ ਨੂੰ ਰੋਕ ਦਿੱਤਾ। ਇਸ ਮਗਰੋਂ ਉਹ ਜੰਗਲਾ ਟੱਪ ਕੇ ਸ੍ਰੀ ਅਕਾਲ ਤਖ਼ਤ ਵੱਲ ਜਾਣ ਵਾਲੀਆ ਪੌੜੀਆਂ ’ਤੇ ਬੈਠ ਗਿਆ। ਉਥੋਂ ਮੁਲਾਜ਼ਮਾਂ ਨੇ ਉਸ ਨੂੰ ਘਸੀਟ ਕੇ ਜੰਗਲੇ ਤੋਂ ਬਾਹਰ ਕਰ ਦਿੱਤਾ ਤੇ ਉਸ ਨਾਲ ਕੁੱਟਮਾਰ ਵੀ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਪੁੱਛ-ਪੜਤਾਲ ਲਈ ਸਬੰਧਤ ਮੁਲਾਜ਼ਮਾਂ ਕੁਲਵਿੰਦਰ ਸਿੰਘ ਤੇ ਇੰਦਰਜੀਤ ਸਿੰਘ ਨੂੰ ਭਲਕੇ ਸੱਦਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋਵੇਂ ਮੁਲਾਜ਼ਮਾਂ ਨੂੰ ਮੁਅੱਤਲ ਕਰਦਿਆਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਮੁੱਢਲੀ ਜਾਂਚ ਦੌਰਾਨ ਦੁਰਵਿਹਾਰ ਕਰਨ ਵਾਲੇ ਦੋਵੇਂ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ।