ਜਗਮੋਹਨ ਸਿੰਘ
ਰੂਪਨਗਰ, 29 ਜੂਨ
ਜ਼ਿਲ੍ਹਾ ਰੂਪਨਗਰ ਦੇ ਥਾਣਾ ਨੂਰਪੁਰ ਬੇਦੀ ਪੁਲੀਸ ਵੱਲੋਂ 27 ਜੂਨ ਨੂੰ ਦਰਜ ਕੀਤੀ ਐੱਫਆਈਆਰ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਸਾਥੀਆਂ ਵੱਲੋਂ ਭਲਾਈ ਕਾਰਜਾਂ ਲਈ ਜਾਣੀ ਜਾਂਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਨੂੰ ਵੀ ਚੂਨਾ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਐੱਸਪੀ ਸਿੰਘ ਉਬਰਾਏ ਅਤੇ ਪਟਿਆਲਾ ਯੂਨਿਟ ਦੇ ਪ੍ਰਧਾਨ ਜੱਸਾ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਭਲਾਈ ਕਾਰਜਾਂ ਲਈ ਨੂਰਪੁਰ ਬੇਦੀ ਖੇਤਰ ਦੇ ਪਿੰਡ ਕਰੂਰਾਂ ਵਿੱਚ 48 ਏਕੜ ਜ਼ਮੀਨ ਖਰੀਦੀ ਗਈ ਸੀ। ਉਨ੍ਹਾਂ ਦੱਸਿਆ ਕਿ ਥੋੜ੍ਹਾ ਸਮਾਂ ਪਹਿਲਾਂ ਜਦੋਂ ਟਰੱਸਟ ਵੱਲੋਂ ਇਸ ਜ਼ਮੀਨ ਦੀਆਂ ਫਰਦਾਂ ਕਢਵਾਈਆਂ ਗਈਆਂ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁੱਝ ਵਿਅਕਤੀਆਂ ਵੱਲੋਂ ਟਰੱਸਟ ਦੀ ਜ਼ਮੀਨ ਦਾ ਤਬਾਦਲਾ ਨੰਬਰ 3035 ਕਰਵਾ ਕੇ ਕੁੱਝ ਜ਼ਮੀਨ ਨੂੰ ਅੱਗੇ ਵੇਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਦੀ ਪੱਧਰੀ ਜ਼ਮੀਨ ਦਾ ਵੀ ਪਹਾੜਾਂ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਟਰੱਸਟ ਵੱਲੋਂ ਜਾਂਚ ਕਰਵਾਈ ਗਈ ਤਾਂ ਪਤਾ ਲੱਗਿਆ ਕਿ ਦਲਜੀਤ ਸਿੰਘ ਭਿੰਡਰ ਨੇ ਟਰੱਸਟ ਦੇ ਨਾਮ ’ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਟਰੱਸਟ ਦੀ ਜ਼ਮੀਨ ਦਾ ਆਪਣੇ ਨਾਮ ’ਤੇ ਤਬਾਦਲਾ ਕਰਨ ਉਪਰੰਤ ਅੱਗੇ ਵੇਚ ਕੇ ਕਰੋੜਾਂ ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇਸ ਸਬੰਧੀ 20 ਜੂਨ ਨੂੰ ਐੱਸਐੱਸਪੀ ਰੂਪਨਗਰ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲੀਸ ਵੱਲੋਂ ਦਲਜੀਤ ਸਿੰਘ ਭਿੰਡਰ , ਉਸ ਦੇ ਭਰਾ ਅਮਰਿੰਦਰ ਸਿੰਘ ਭਿੰਡਰ ਤੇ ਇੱਕ ਹੋਰ ਵਿਅਕਤੀ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ।