ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਅਗਸਤ
ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਪੰਜਾ ਸਾਹਿਬ ਦਾ ਇਤਿਹਾਸ ਇਸ ਵਾਰ ਉਰਦੂ ਵਿੱਚ ਵੀ ਛਪਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਾਕੇ ਦੀ ਸ਼ਤਾਬਦੀ ਦੇ ਮੁੱਖ ਸਮਾਗਮ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ ਵਿੱਚ ਮਨਾਏ ਜਾਣੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ ਨੇ ਦੱਸਿਆ ਕਿ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਦੇ ਮੁੱਖ ਸਮਾਗਮਾਂ ਨੂੰ ਮਨਾਉਣ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ। ਇਸ ਸਾਕੇ ਦੇ ਇਤਿਹਾਸ ਸਬੰਧੀ ਛੋਟੇ ਕਿਤਾਬਚੇ ਪ੍ਰਕਾਸ਼ਤ ਕੀਤੇ ਜਾਣਗੇ ਜੋ ਪੰਜਾਬੀ, ਹਿੰਦੀ, ਅੰਗਰੇਜ਼ੀ ਤੋਂ ਇਲਾਵਾ ਇਸ ਵਾਰ ਉਰਦੂ ਵਿੱਚ ਵੀ ਛਪਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਕੇ ਸਬੰਧੀ ਮੁੱਖ ਸਮਾਗਮ ਪਾਕਿਸਤਾਨ ਸਥਿਤ ਹਸਨ ਅਬਦਾਲ ਵਿੱਚ ਗੁਰਦੁਆਰਾ ਪੰਜਾ ਸਾਹਿਬ ਵਿੱਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਉਸ ਮੌਕੇ ਇਹ ਕਿਤਾਬਚੇ ਵੀ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਨੂੰ ਪਾਕਿਸਤਾਨ ਵਿਚ ਮਨਾਉਣ ਲਈ ਇਨ੍ਹਾਂ ਦੀ ਰੂਪ-ਰੇਖਾ ਉਲੀਕਣ ਵਾਸਤੇ ਵਫ਼ਦ ਪਾਕਿਸਤਾਨ ਭੇਜਿਆ ਜਾਣਾ ਹੈ। ਇਸ ਸਬੰਧ ਵਿਚ ਪਾਕਿਸਤਾਨ ਸਰਕਾਰ ਨੂੰ ਪੱਤਰ ਭੇਜ ਕੇ ਪ੍ਰਵਾਨਗੀ ਮੰਗੀ ਗਈ ਹੈ। ਪੀਐਸਜੀਪੀਸੀ ਨੂੰ ਸਿੱਖ ਵਫ਼ਦ ਵਾਸਤੇ ਵੀਜ਼ੇ ਮੁਹੱਈਆ ਕਰਨ ਲਈ ਆਖਿਆ ਗਿਆ ਹੈ। ਇਹ ਸ਼ਤਾਬਦੀ ਸਮਾਗਮ ਅਕਤੂਬਰ ਮਹੀਨੇ ਵਿਚ ਮਨਾਏ ਜਾਣੇ ਹਨ। ਸ਼੍ਰੋਮਣੀ ਕਮੇਟੀ ਇਸ ਮੌਕੇ ਸਿੱਖਾਂ ਦਾ ਜਥਾ ਪਾਕਿਸਤਾਨ ਲਿਜਾਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੀਐੱਸਜੀਪੀਸੀ ਵੱਲੋਂ ਇਹ ਮਾਮਲਾ ਪਾਕਿਸਤਾਨ ਗ੍ਰਹਿ ਮੰਤਰਾਲੇ ਕੋਲ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਕੇ ਦੇ ਸ਼ਤਾਬਦੀ ਸਮਾਗਮਾਂ ਲਈ ਵਿਸ਼ੇਸ਼ ਲੋਗੋ ਵੀ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਾਂਬੇ ਦਾ ਯਾਦਗਾਰੀ ਸਿੱਕਾ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਇੱਕ ਪਾਸੇ ਗੁਰਦੁਆਰਾ ਪੰਜਾ ਸਾਹਿਬ ਦੀ ਤਸਵੀਰ ਅਤੇ ਦੂਜੇ ਪਾਸੇ ਲੋਗੋ ਹੋਵੇਗਾ। ਇਸੇ ਤਰ੍ਹਾਂ ਇੱਕ ਯਾਦਗਾਰੀ ਟਿਕਟ ਤੇ ਡਾਕ ਲਿਫਾਫਾ ਤਿਆਰ ਕਰਨ ਦੀ ਯੋਜਨਾ ਹੈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਗੁਰੂ ਕਾ ਬਾਗ਼ ਮੋਰਚਾ ਦੇ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਹਨ। ਸਾਕਾ ਗੁਰੂ ਕਾ ਬਾਗ਼ ਮੋਰਚਾ ਅਤੇ ਸਾਕਾ ਨਨਕਾਣਾ ਸਾਹਿਬ ਦੋਵੇਂ ਸਾਕੇ ਇੱਕ-ਦੂਜੇ ਨਾਲ ਸਬੰਧਤ ਹਨ। ਸਾਕਾ ਗੁਰੂ ਕਾ ਬਾਗ਼ ਮੋਰਚਾ ਦੇ ਸ਼ਤਾਬਦੀ ਸਮਾਗਮ ਤਹਿਤ ਮੁੱਖ ਸਮਾਗਮ ਭਲਕੇ ਅੱਠ ਅਗਸਤ ਨੂੰ ਹੋ ਰਿਹਾ ਹੈ। ਕੱਲ੍ਹ ਇਸ ਸਬੰਧੀ ਗੁਰਦੁਆਰਾ ਗੁਰੂ ਕਾ ਬਾਗ਼ ਵਿਚ ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ ਸੀ। ਇਸ ਸਬੰਧ ਵਿਚ ਅੱਜ ਨਗਰ ਕੀਰਤਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਤੋਂ ਗੁਰਦੁਆਰਾ ਗੁਰੂ ਕਾ ਬਾਗ਼ ਪੁੱਜਾ ਹੈ।