ਜਗਮੋਹਨ ਸਿੰਘ
ਘਨੌਲੀ, 29 ਅਗਸਤ
ਘਨੌਲੀ ਨੇੜਲੇ ਪਿੰਡ ਦਸਮੇਸ਼ ਨਗਰ ਦੇ ਵਸਨੀਕ ਸ਼ਿਵ ਸੈਨਾ ਜ਼ਿਲ੍ਹਾ ਰੂਪਨਗਰ ਦੇ ਚੇਅਰਮੈਨ ਸਚਿਨ ਘਨੌਲੀ ਨੇ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਦੋ ਦਿਨ ਜ਼ਿਲ੍ਹਾ ਰੂਪਨਗਰ ਦੀ ਪੁਲੀਸ ਨੂੰ ਉਲਝਾਈ ਰੱਖਿਆ। ਅੱਜ ਸ਼ਾਮ ਵੇਲੇ ਮਸਲਾ ਹੱਲ ਹੋਣ ਤੋਂ ਬਾਅਦ ਪੁਲੀਸ ਨੇ ਸੁੱਖ ਦਾ ਸਾਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਦੁੱਗਰੀ ਦਾ ਇੱਕ ਵਿਅਕਤੀ ਆਪਣੇ ਬੱਚਿਆਂ ਦੇ ਵਜ਼ੀਫੇ ਦੇ ਫਾਰਮ ਭਰਵਾਉਣ ਲਈ ਦਸਮੇਸ਼ ਨਗਰ ਵਿੱਚ ਇੱਕ ਦੁਕਾਨ ’ਤੇ ਆਇਆ ਸੀ। ਕੰਮ ਕਰਵਾਉਂਦਿਆਂ ਹਨੇਰਾ ਹੋਣ ਕਾਰਨ ਹੋ ਉਹ ਰਸਤਾ ਭਟਕ ਗਿਆ। ਉਹ ਦਸਮੇਸ਼ ਨਗਰ ਪਿੰਡ ਦੀਆਂ ਗਲੀਆਂ ਤੋਂ ਅਣਜਾਣ ਹੋਣ ਕਾਰਨ ਗਲਤੀ ਨਾਲ ਸ਼ਿਵ ਸੈਨਾ ਆਗੂ ਸਚਿਨ ਘਨੌਲੀ ਦੀ ਗਲੀ ਵੱਲ ਚਲਾ ਗਿਆ। ਇਸੇ ਦੌਰਾਨ ਸਚਿਨ ਘਨੌਲੀ ਆਪਣੇ ਗੰਨਮੈਨਾਂ ਸਮੇਤ ਘਰ ਪਰਤ ਰਿਹਾ ਸੀ। ਸ਼ਿਵ ਸੈਨਾ ਆਗੂ ਦੇ ਘਰ ਨੇੜੇ ਪੁੱਜ ਕੇ ਦੁੱਗਰੀ ਵਾਸੀ ਨੂੰ ਗ਼ਲਤ ਗਲੀ ਆਉਣ ਦਾ ਅਹਿਸਾਸ ਹੋਇਆ ਅਤੇ ਉਹ ਵਾਪਸ ਮੁੜ ਗਿਆ। ਸ਼ਿਵ ਸੈਨਾ ਆਗੂ ਨੂੰ ਸ਼ੱਕ ਪੈ ਗਿਆ ਕਿ ਉਹ ਉਸ ਦੀ ਰੇਕੀ ਕਰਨ ਆਇਆ ਹੈ। ਉਸ ਉਸ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਸ਼ਨਿੱਚਰਵਾਰ ਰਾਤ ਤੋਂ ਲੈ ਕੇ ਅੱਜ ਸ਼ਾਮ ਤੱਕ ਡੀਐੱਸਪੀ ਤਰਲੋਚਨ ਸਿੰਘ, ਐੱਸਐੱਚਓ ਰਾਹੁਲ ਸ਼ਰਮਾ ਅਤੇ ਚੌਕੀ ਇੰਚਾਰਜ ਗੁਰਮੁੱਖ ਸਿੰਘ ਵੱਡੀ ਗਿਣਤੀ ਵਿੱਚ ਸਿਵਲ ਅਤੇ ਵਰਦੀਧਾਰੀ ਪੁਲੀਸ ਕਰਮਚਾਰੀਆਂ ਨੂੰ ਨਾਲ ਲੈ ਕੇ ਤਲਾਸ਼ੀ ਮੁਹਿੰਮ ਚਲਾਉਂਦੇ ਰਹੇ ਤੇ ਲੋਕਾਂ ਦੇ ਘਰਾਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲਦੇ ਰਹੇ। ਇਸ ਦੌਰਾਨ ਇੱਕ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲੀਸ ਇਸ ਦੁੱਗਰੀ ਵਾਸੀ ਵਿਅਕਤੀ ਕੋਲ ਪਹੁੰਚ ਗਈ। ਉਸ ਨੇ ਦੱਸਿਆ ਕਿ ਉਹ ਰਸਤਾ ਭਟਕ ਗਿਆ ਸੀ। ਪੁਲੀਸ ਨੂੰ ਪੂਰੀ ਜਾਂਚ ਮਗਰੋਂ ਸੁੱਖ ਦਾ ਸਾਹ ਆਇਆ। ਇਸ ਤੋਂ ਪਹਿਲਾਂ ਪੁਲੀਸ ਜਿੱਥੇ ਐਤਵਾਰ ਅਤੇ ਸੋਮਵਾਰ ਦਿਨ ਵਿੱਚ ਲੋਕਾਂ ਦੇ ਘਰਾਂ ਵਿੱਚ ਪੁੱਛ ਪੜਤਾਲ ਕਰਦੀ ਰਹੀ, ਉੱਥੇ ਪੁਲੀਸ ਦੀ ਗਸ਼ਤ ਕਰਨ ਵਾਲੀ ਪਾਰਟੀ ਲਗਾਤਾਰ ਦੋ ਰਾਤਾਂ ਪੂਰੇ ਪਿੰਡ ਦੀਆਂ ਗਲੀਆਂ ਵਿੱਚ ਹੂਟਰ ਵਜਾਉਂਦੀ ਘੁੰਮਦੀ ਰਹੀ।