ਸੁਲਤਾਨਪੁਰ ਲੋਧੀ (ਦੇਸਰਾਜ): ਨਗਰ ਕੌਂਸਲ ਚੋਣਾਂ ਸਮੇਂ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਵੋਟਾਂ ਪੈਣ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ ਕੁਝ ਨੌਜਵਾਨ ਕਾਂਗਰਸੀ ਆਗੂਆਂ ਸਣੇ ਵੋਟਾਂ ਪਾਉਣ ਆਏ ਤੇ ਅਕਾਲੀ ਆਗੂਆਂ ਵਲੋਂ ਰੋਕ ਦਿੱਤੇ ਜਾਣ ਕਾਰਨ ਤਣਾਅ ਪੈਦਾ ਹੋ ਗਿਆ। ਇਸ ਉਪਰੰਤ ਧੱਕਾਮੁੱਕੀ ਵੀ ਹੋਈ ਤੇ ਇੱਟਾਂ-ਪੱਥਰ ਵੀ ਚੱਲੇ। ਇਸ ਮੌਕੇ ਸ਼ਰਾਰਤੀ ਅਨਸਰ ਵੱਲੋਂ ਗੋਲੀ ਵੀ ਚਲਾਈ ਗਈ ਪਰ ਪੁਲੀਸ ਦੀ ਮੁਸਤੈਦੀ ਕਾਰਨ ਮਾਹੌਲ ਸ਼ਾਂਤ ਹੋ ਗਿਆ। ਇਸ ਤੋਂ ਬਾਅਦ ਐਸਪੀ ਡੀ ਵਿਸ਼ਾਲਦੀਪ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਭੀੜ ਨੂੰ ਖਿੰਡਾ ਦਿੱਤਾ। ਇਸ ਮੌਕੇ ਅਕਾਲੀਆਂ ਨੇ ਰੋਸ ਪ੍ਰਗਟ ਕਰਦਿਆਂ ਡਾ. ਉਪਿੰਦਰਜੀਤ ਕੌਰ ਦੀ ਅਗਵਾਈ ਹੇਠ ਤਲਵੰਡੀ ਚੌਕ ਵਿੱਚ ਧਰਨਾ ਦਿੱਤਾ ਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਸੱਜਣ ਸਿੰਘ ਚੀਮਾ, ਸੁਖਵਿੰਦਰ ਸਿੰਘ ਸੁੱਖ, ਸਵਰਨ ਸਿੰਘ ਐਕਸੀਅਨ ਆਦਿ ਆਗੂ ਹਾਜ਼ਰ ਸਨ।