ਚਰਨਜੀਤ ਭੁੱਲਰ
ਚੰਡੀਗੜ੍ਹ, 21 ਅਪਰੈਲ
ਪੰਜਾਬ ਸਰਕਾਰ ਦੀ ਭੱਲ ਨੂੰ ਬਾਰਦਾਨੇ ਦੀ ਕਮੀ ਨੇ ਖੂਹ ਖਾਤੇ ਪਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਨਹੀਂ ਰੁਲਣ ਦਿੱਤਾ ਜਾਵੇਗਾ, ਜਦਕਿ ਕਿਸਾਨਾਂ ਨੂੰ ਰਾਤਾਂ ਮੰਡੀਆਂ ਵਿੱਚ ਕੱਟਣੀਆਂ ਪੈ ਰਹੀਆਂ ਹਨ। ਪੰਜਾਬ ਭਰ ਦੀਆਂ ਮੰਡੀਆਂ ਵਿੱਚ ਹਜ਼ਾਰਾਂ ਕੁਇੰਟਲ ਕਣਕ ਦੀ ਫ਼ਸਲ ਪਈ ਹੈ, ਜਿਨ੍ਹਾਂ ਲਈ ਬਾਰਦਾਨੇ ਦੀ ਕਮੀ ਹੈ। ਤਿੰਨ ਦਿਨਾਂ ਤੋਂ ਕਿਸਾਨ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਵੱਲੋਂ ਬਾਰਦਾਨੇ ਦਾ ਪ੍ਰਬੰਧ ਕਰਨ ਵਿੱਚ ਦਿਖਾਈ ਸੁਸਤੀ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਦਿੱਤਾ ਹੈ। ਕਿਸਾਨ ਧਿਰਾਂ ਵੱਲੋਂ ਹੁਣ ਬਾਰਦਾਨੇ ਦੇ ਪ੍ਰਬੰਧ ਮੁਕੰਮਲ ਕਰਾਉਣ ਲਈ ਕਿਤੇ ਸਰਕਾਰੀ ਦਫ਼ਤਰਾਂ ਦੇ ਘਿਰਾਓ ਕੀਤੇ ਜਾ ਰਹੇ ਹਨ ਅਤੇ ਕਿਤੇ ਕਿਸਾਨ ਸੜਕਾਂ ’ਤੇ ਬੈਠੇ ਹਨ। ਬਰਨਾਲਾ ਜ਼ਿਲ੍ਹੇ ਵਿੱਚ ਅੱਜ ਜਿੱਥੇ ਕਿਸਾਨਾਂ ਨੇ ਭਦੌੜ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ, ਉੱਥੇ ਹੀ ਬਠਿੰਡਾ-ਮੋਗਾ ਸੜਕ ’ਤੇ ਧਰਨਾ ਮਾਰ ਕੇ ਆਵਾਜਾਈ ਵੀ ਜਾਮ ਕੀਤੀ। ਧੂਰੀ ਵਿੱਚ ਵੀ ਅੱਜ ਕਿਸਾਨਾਂ ਨੂੰ ਧਰਨਾ ਲਾਉਣਾ ਪਿਆ। ਦੋ ਦਿਨਾਂ ਤੋਂ ਪੰਜਾਬ ਵਿੱਚ ਮੌਸਮ ਖ਼ਰਾਬ ਹੋਣ ਕਾਰਨ ਵੀ ਕਿਸਾਨ ਫ਼ਿਕਰਮੰਦ ਹਨ।
ਪੰਜਾਬ ਵਿੱਚ ਹੁਣ ਤਕ ਮੰਡੀਆਂ ਵਿੱਚ ਪੰਜਾਹ ਫ਼ੀਸਦੀ ਫ਼ਸਲ ਪੁੱਜ ਚੁੱਕੀ ਹੈ ਜਦਕਿ ਸਰਕਾਰ ਨੇ 130 ਲੱਖ ਮੀਟਰਿਕ ਟਨ ਦੀ ਖਰੀਦ ਦਾ ਟੀਚਾ ਮਿੱਥਿਆ ਹੋਇਆ ਹੈ। ਹੁਣ ਤਕ ਕਰੀਬ 60 ਲੱਖ ਮੀਟਰਿਕ ਟਨ ਫ਼ਸਲ ਦੀ ਖਰੀਦ ਹੋ ਚੁੱਕੀ ਹੈ। ਖਰੀਦ ਕੀਤੀ ਫ਼ਸਲ ਲਈ ਬਾਰਦਾਨਾ ਨਹੀਂ ਮਿਲ ਰਿਹਾ। ਪੰਜਾਬ ਸਰਕਾਰ ਨੇ ਪੁਰਾਣਾ ਬਾਰਦਾਨਾ ਵਰਤਣ ਦੇ ਹੁਕਮ ਕੀਤੇ ਹਨ ਪਰ ਬਾਜ਼ਾਰ ਵਿੱਚ ਪੁਰਾਣੇ ਬਾਰਦਾਨੇ ਦੀ ਥੁੜ੍ਹ ਹੈ, ਜਿਸ ਕਰਕੇ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਆਖ ਰਹੇ ਹਨ ਕਿ ਪੰਜਾਬ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ।
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੀਨੀਅਰ ਆਗੂ ਅਵਤਾਰ ਮਹਿਮਾ ਆਖਦੇ ਹਨ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਨੇ ਵੇਲੇ ਸਿਰ ਬਾਰਦਾਨੇ ਦਾ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਬਿਪਤਾ ਵਿੱਚ ਹਨ ਤੇ ਉੱਪਰੋਂ ਸਰਕਾਰ ਨੇ ਸੜਕਾਂ ’ਤੇ ਰੋਲ ਦਿੱਤਾ ਹੈ।
ਪਟਿਆਲਾ ਜ਼ਿਲ੍ਹੇ ਦੇ ਕਿਸਾਨ ਆਗੂ ਹਰਮੇਲ ਸਿੰਘ ਦਾ ਕਹਿਣਾ ਸੀ ਕਿ ਮੰਡੀਆਂ ਵਿੱਚ ਕਿਸਾਨ ਹਫ਼ਤੇ ਤੋਂ ਰੁਲ ਰਹੇ ਹਨ ਪਰ ਸਰਕਾਰ ਨੇ ਬਾਰਦਾਨੇ ਦਾ ਕੋਈ ਪ੍ਰਬੰਧ ਨਹੀਂ ਕੀਤਾ। ਅੰਦਾਜ਼ੇ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ ਇਸ ਵੇਲੇ 40 ਲੱਖ ਮੀਟਰਿਕ ਟਨ ਕਣਕ ਦੀ ਚੁਕਾਈ ਹੋਣੀ ਬਾਕੀ ਹੈ, ਜੋ ਕਿ ਕਰੀਬ 66 ਫ਼ੀਸਦੀ ਬਣਦੀ ਹੈ। ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹੇ ਵਿੱਚ 95 ਫ਼ੀਸਦੀ ਫ਼ਸਲ ਹਾਲੇ ਚੁੱਕਣੀ ਬਾਕੀ ਹੈ। ਫਿਰੋਜ਼ਪੁਰ ਤੇ ਫਾਜ਼ਿਲਕਾ ਵਿੱਚ ਵੀ 70 ਤੋਂ 80 ਫ਼ੀਸਦੀ ਫ਼ਸਲ ਦੀ ਚੁਕਾਈ ਨਹੀਂ ਹੋਈ ਹੈ।
ਖਰੀਦ ਕੇਂਦਰਾਂ ਵਿੱਚ ਕਣਕ ਸੁੱਟਣ ਲਈ ਥਾਂ ਨਹੀਂ ਬਚੀ। ਪਤਾ ਲੱਗਾ ਹੈ ਕਿ ਪੰਜਾਬ ਦੇ 650 ਖਰੀਦ ਕੇਂਦਰਾਂ ਵਿੱਚ ਹਾਲੇ ਫ਼ਸਲ ਵੀ ਨਹੀਂ ਆਈ। ਆਉਂਦੇ ਦਿਨਾਂ ਵਿੱਚ ਕਿਸਾਨਾਂ ਦੀ ਮੁਸ਼ਕਲ ਹੋਰ ਵਧ ਜਾਣੀ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਬਾਰਦਾਨੇ ਦੀ ਸਮੱਸਿਆ ਜਲਦ ਹੱਲ ਹੋ ਜਾਣੀ ਹੈ।
ਐੱਫਸੀਆਈ ਦੀ ਖਰੀਦ ਢਿੱਲੀ
ਭਾਰਤੀ ਖੁਰਾਕ ਨਿਗਮ ਨੇ ਕਰੀਬ ਸੱਤ ਜ਼ਿਲ੍ਹਿਆਂ ਵਿੱਚ ਹਾਲੇ ਤਕ ਕਣਕ ਦਾ ਇੱਕ ਦਾਣਾ ਵੀ ਨਹੀਂ ਖਰੀਦਿਆ ਅਤੇ ਇਸ ਕੇਂਦਰੀ ਏਜੰਸੀ ਨੇ ਪੰਜਾਬ ’ਚੋਂ ਹੁਣ ਤਕ ਕਰੀਬ 28 ਹਜ਼ਾਰ ਮੀਟਰਿਕ ਟਨ ਫ਼ਸਲ ਖਰੀਦ ਕੀਤੀ ਹੈ। ਐੱਫਸੀਆਈ ਨੇ ਪਟਿਆਲਾ ਵਿੱਚੋਂ ਸਿਰਫ਼ 400 ਐੱਮਟੀ, ਫ਼ਰੀਦਕੋਟ ’ਚੋਂ 300 ਐੱਮਟੀ ਅਤੇ ਮੁਕਤਸਰ ਜ਼ਿਲ੍ਹੇ ਵਿੱਚੋਂ 492 ਮੀਟਰਿਕ ਟਨ ਫ਼ਸਲ ਦੀ ਖਰੀਦ ਕੀਤੀ ਹੈ। ਖੁਰਾਕ ਨਿਗਮ ਦੇ ਨਖ਼ਰਿਆਂ ਕਰਕੇ ਕਿਸਾਨ ਇਸ ਏਜੰਸੀ ਨੂੰ ਫ਼ਸਲ ਦੇਣ ਨੂੰ ਵੀ ਤਿਆਰ ਨਹੀਂ ਹਨ।
ਬਾਰਦਾਨੇ ਦੀ ਘਾਟ ਸਬੰਧੀ ਨਿਆਂਇਕ ਜਾਂਚ ਕਰਵਾਈ ਜਾਵੇ: ਚੀਮਾ
ਰੂਪਨਗਰ (ਬਹਾਦਰਜੀਤ ਸਿੰਘ): ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਕਣਕ ਦੀ ਖਰੀਦ ਵਾਸਤੇ ਬਾਰਦਾਨੇ ਦੀ ਘਾਟ ਗਿਣੀ-ਮਿੱਥੀ ਸਾਜ਼ਿਸ਼ ਦਾ ਨਤੀਜਾ ਹੈ। ਬਾਰਦਾਨੇ ਦੀ ਖਰੀਦ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਗਈ ਹੈ ਤੇ ਘਾਟ ਦੀ ਸਥਿਤੀ ਪੈਦਾ ਕਰ ਕੇ ਸਥਾਨਕ ਪੱਧਰ ’ਤੇ ਪਲਾਸਟਿਕ ਬੈਗ ਖਰੀਦ ਕੇ ਵੱਡੀ ਹੇਰਾ-ਫੇਰੀ ਕੀਤੀ ਗਈ ਹੈ। ਇੱਥੇ ਪੱਤਰਕਾਰ ਸੰਮੇਲਨ ਦੌਰਾਨ ਡਾ. ਚੀਮਾ ਨੇ ਕਿਹਾ ਕਿ ਇਸ ਘੁਟਾਲੇ ਲਈ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਘੁਟਾਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਵੱਡੀ ਪੱਧਰ ’ਤੇ ਘੁਟਾਲਾ ਕਰਨ ਵਾਸਤੇ ਮੰਤਰੀ ਆਸ਼ੂ ਨੇ ਵੱਡੀ ਸਾਜ਼ਿਸ਼ ਰਚੀ ਹੈ।