ਜੈਸਮੀਨ ਭਾਰਦਵਾਜ
ਨਾਭਾ, 4 ਜੁਲਾਈ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਆਪਣੇ ਹਲਕੇ ਨਾਭਾ ਦੇ ਪਿੰਡ ਕੱਲੇ ਮਾਜਰਾ ਵਿੱਚ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਲੰਮੇ ਸਮੇਂ ਤੋਂ ਪਾਣੀ ਦੀ ਨਿਕਾਸੀ, ਟੋਭੇ ’ਤੇ ਨਾਜਾਇਜ਼ ਕਬਜ਼ੇ ਅਤੇ ਟੁੱਟੀਆਂ ਸੜਕਾਂ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਕਈ ਮਤੇ ਪਾਏ ਗਏ ਪਰ ਕਿਸੇ ਮਤੇ ਨੂੰ ਵੀ ਬੂਰ ਨਾ ਪਿਆ, ਜਿਸ ਤੋਂ ਅੱਕੇ ਲੋਕਾਂ ਨੇ ਅੱਜ ਇੱਥੇ ਕਾਂਗਰਸੀ ਵਰਕਰ ਦੇ ਘਰ ਪਰਿਵਾਰਕ ਮੈਂਬਰ ਦੀ ਮੌਤ ਸਬੰਧੀ ਅਫਸੋਸ ਕਰਨ ਪੁੱਜੇ ਧਰਮਸੋਤ ਦਾ ਘਿਰਾਓ ਕੀਤਾ।
ਜਾਣਕਾਰੀ ਅਨੁਸਾਰ ਜਦੋਂ ਧਰਮਸੋਤ ਕਾਂਗਰਸੀ ਵਰਕਰ ਦੇ ਘਰ ਚਾਹ ਪੀ ਰਹੇ ਸਨ ਤਾਂ ਪਿੰਡ ਵਾਸੀਆਂ ਨੇ ਘਰ ਅੱਗੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਧਰਮਸੋਤ ਨੂੰ ਚਾਹ ਵਿਚਾਲੇ ਛੱਡ ਕੇ ਖਿਸਕਣਾ ਪਿਆ। ਸਥਿਤੀ ਉਦੋਂ ਗੰਭੀਰ ਹੋ ਗਈ, ਜਦੋਂ ਲੋਕਾਂ ਨੇ ਸੜਕ ’ਤੇ ਟਰਾਲੀਆਂ ਸਮੇਤ ਆਪਣੇ ਵਾਹਨ ਖੜ੍ਹੇ ਕਰਕੇ ਰਸਤਾ ਬੰਦ ਕਰ ਦਿੱਤਾ। ਇਸ ਮਗਰੋਂ ਪਿੰਡ ਵਾਸੀ ਧਰਮਸੋਤ ਨੂੰ ਤੋਰ ਕੇ ਪਿੰਡ ਦੇ ਟੋਭੇ ’ਤੇ ਲੈ ਗਏ ਅਤੇ ਮੌਕਾ ਦਿਖਾ ਕੇ ਰੋਸ ਪ੍ਰਗਟਾਇਆ। ਲੋਕਾਂ ਨੇ ਪਾਣੀ ਦੀ ਮਾੜੀ ਨਿਕਾਸੀ ਅਤੇ ਮੀਂਹ ਦੇ ਦਿਨਾਂ ਵਿੱਚ ਸੜਕਾਂ ’ਤੇ ਖੜ੍ਹਦੇ ਪਾਣੀ ਦੀ ਸ਼ਿਕਾਇਤ ਮੰਤਰੀ ਅੱਗੇ ਕੀਤੀ। ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਾਮਲਾਟ ਨਾ ਹੋਣ ਕਾਰਨ ਪੰਚਾਇਤ ਨੂੰ ਕੋਈ ਆਮਦਨ ਨਹੀਂ ਹੈ, ਜਿਸ ਕਰਕੇ ਉਹ ਆਪਣੇ ਪੱਧਰ ’ਤੇ ਕੋਈ ਵਿਕਾਸ ਕਾਰਜ ਨਹੀਂ ਕਰਵਾ ਸਕਦੇ। ਧਰਮਸੋਤ ਨੇ ਲੋਕਾਂ ਨੂੰ ਭਰੋਸਾ ਦਿੱਤਾ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਲਦੀ ਹੀ 50 ਲੱਖ ਦੀ ਗ੍ਰਾਂਟ ਜਾਰੀ ਕਰ ਦਿੱਤੀ ਜਾਵੇਗੀ।