ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜੂਨ
ਮੁੱਖ ਅੰਸ਼
- 36 ਸਾਲ ਪਹਿਲਾਂ ਫ਼ੌਜ ਲਾਇਬਰੇਰੀ ’ਚੋਂ ਲੈ ਗਈ ਸੀ ਹੱਥ ਲਿਖਤ ਖਰੜੇ ਤੇ ਦੁਰਲੱਭ ਪੁਸਤਕਾਂ
ਸਾਕਾ ਨੀਲਾ ਤਾਰਾ ਵਾਪਰਿਆਂ 36 ਸਾਲ ਹੋਣ ਨੂੰ ਆਏ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸਿੱਖ ਰੈਫਰੈਂਸ ਲਾਇਬਰੇਰੀ ’ਚੋਂ ਚੁੱਕੇ ਗਏ ਖ਼ਜ਼ਾਨੇ ਦਾ ਮਾਮਲਾ ਹਾਲੇ ਵੀ ਹੱਲ ਨਹੀਂ ਹੋ ਸਕਿਆ।
ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸਿੱਖ ਲਾਇਬਰੇਰੀ ਨੁਕਸਾਨੀ ਗਈ ਸੀ ਅਤੇ ਇਸ ਵਿਚ ਰੱਖੇ ਅਮੁੱਲੇ ਖ਼ਜ਼ਾਨੇ ਨੂੰ ਵੀ ਫ਼ੌਜ ਆਪਣੇ ਨਾਲ ਲੈ ਗਈ ਸੀ। ਇਸ ਦੀ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰ ਰਹੀ ਹੈ।
ਬੀਤੇ ਵਰ੍ਹੇ ਸ਼੍ਰੋਮਣੀ ਕਮੇਟੀ ਦੇ ਇਕ ਸਾਬਕਾ ਆਗੂ ਨੇ ਦਾਅਵਾ ਕੀਤਾ ਸੀ ਕਿ ਫ਼ੌਜ ਵੱਲੋਂ ਇਥੋਂ ਲਿਜਾਇਆ ਗਿਆ ਸਾਮਾਨ ਵਾਪਸ ਕਰ ਦਿੱਤਾ ਗਿਆ ਸੀ। ਇਹ ਵਿਵਾਦ ਉਸ ਵੇਲੇ ਹੋਰ ਵੀ ਭਖ ਗਿਆ ਸੀ ਜਦੋਂ ਇਹ ਦੋਸ਼ ਲੱਗਾ ਕਿ ਫ਼ੌਜ ਵੱਲੋਂ ਵਾਪਸ ਕੀਤੇ ਸਾਮਾਨ ਵਿਚ ਸ਼ਾਮਲ ਇਕ ਹੱਥ ਲਿਖਤ ਸਰੂਪ ਵਿਦੇਸ਼ ਵਿਚ ਵੇਚ ਦਿੱਤਾ ਗਿਆ ਹੈ। ਇਸ ਵਿਵਾਦ ਨੂੰ ਲੈ ਕੇ ਪਿਛਲੇ ਵਰ੍ਹੇ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਕਮੇਟੀ ਬਣਾਈ ਸੀ, ਜਿਸ ਦਾ ਮੁਖੀ ਕਿਰਪਾਲ ਸਿੰਘ ਬਡੂੰਗਰ ਨੂੰ ਬਣਾਇਆ ਗਿਆ ਸੀ। ਇਸ ਕਮੇਟੀ ਵੱਲੋਂ ਸਾਬਕਾ ਸਕੱਤਰਾਂ, ਲਾਇਬਰੇਰੀਅਨ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ। ਉਸ ਵੇਲੇ ਸਿੱਖ ਸੰਸਥਾ ਨੇ ਦਾਅਵਾ ਕੀਤਾ ਸੀ ਕਿ ਪਹਿਲਾਂ ਰੈਫਰੈਂਸ ਲਾਇਬਰੇਰੀ ’ਚ 500 ਤੋਂ ਵੱਧ ਹਥ ਲਿਖਤ ਖਰੜੇ, 12000 ਤੋਂ ਵਧ ਦੁਰਲੱਭ ਪੁਸਤਕਾਂ ਤੇ ਹੋਰ ਖ਼ਜ਼ਾਨਾ ਸ਼ਾਮਲ ਸੀ। ਸਾਕਾ ਨੀਲਾ ਤਾਰਾ ਮਗਰੋਂ ਫੌਜ ਨੇ ਕੁਝ ਖਰੜੇ ਤੇ ਪੁਸਤਕਾਂ ਤਾਂ ਵਾਪਸ ਕਰ ਦਿੱਤੀਆਂ ਸਨ ਪਰ 11,000 ਤੋਂ ਵੱਧ ਪੁਸਤਕਾਂ ਅਤੇ ਵੱਡੀ ਗਿਣਤੀ ਵਿਚ ਖਰੜੇ ਵਾਪਸ ਨਹੀਂ ਕੀਤੇ ਗਏ। ਇਸ ਕਮੇਟੀ ਦੀਆਂ ਕੁਝ ਮੀਟਿੰਗਾਂ ਤੋਂ ਬਾਅਦ ਇਹ ਮਾਮਲਾ ਹੁਣ ਤਕ ਠੰਢੇ ਬਸਤੇ ਵਿਚ ਹੈ।
ਮਾਮਲਾ ਹਾਈ ਕੋਰਟ ’ਚ ਵਿਚਾਰ ਅਧੀਨ: ਡਾ. ਰੂਪ ਸਿੰਘ
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਰੈਫਰੈਂਸ ਲਾਇਬਰੇਰੀ ਸਬੰਧੀ ਇਕ ਮਾਮਲਾ ਹਾਈ ਕੋਰਟ ’ਚ ਵਿਚਾਰ ਅਧੀਨ ਹੈ, ਜਿਸ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਨਿਰਧਾਰਤ ਹੈ। ਮਾਮਲਾ ਅਦਾਲਤ ’ਚ ਹੋਣ ਕਾਰਨ ਵੀ ਜਾਂਚ ਲਈ ਅਗਲੀ ਮੀਟਿੰਗ ਨਹੀਂ ਹੋ ਸਕੀ ਹੈ।
ਕਰੋਨਾ ਸੰਕਟ ਖ਼ਤਮ ਹੋਣ ਮਗਰੋਂ ਹੋਵੇਗੀ ਮੀਟਿੰਗ: ਬਡੂੰਗਰ
ਸਿੱਖ ਰੈਫਰੈਂਸ ਲਾਇਬਰੇਰੀ ਦਾ ਮਾਮਲਾ ਵਿਚਾਰਨ ਲਈ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਦੇ ਮੁਖੀ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਕਮੇਟੀ ਦੇ ਕੁਝ ਮੈਂਬਰ ਵਿਦੇਸ਼ ਦੌਰੇ ’ਤੇ ਹੋਣ ਕਾਰਨ ਪਿਛਲੇ ਵਰ੍ਹੇ ਕਮੇਟੀ ਦੀਆਂ ਹੋਈਆਂ ਕੁਝ ਮੀਟਿੰਗਾਂ ਤੋਂ ਬਾਅਦ ਅਗਲੀ ਮੀਟਿੰਗ ਨਹੀਂ ਹੋ ਸਕੀ। ਇਸ ਤੋਂ ਇਲਾਵਾ ਜਿਸ ਵਿਅਕਤੀ ਕੋਲੋਂ ਵੇਰਵੇ ਪੁਛਣੇ ਸਨ, ਉਹ ਵੀ ਵਿਦੇਸ਼ ਵਿਚ ਸੀ। ਉਨ੍ਹਾਂ ਆਖਿਆ ਕਿ ਕਰੋਨਾ ਸੰਕਟ ਖ਼ਤਮ ਹੋਣ ਤੋਂ ਬਾਅਦ ਮੀਟਿੰਗ ਕਰ ਕੇ ਇਸ ਵਿਵਾਦ ਦਾ ਸਾਰਥਕ ਨਿਚੋੜ ਕੱਢਿਆ ਜਾਵੇਗਾ।