ਪਾਲ ਸਿੰਘ ਨੌਲੀ
ਜਲੰਧਰ, 22 ਅਗਸਤ
ਗੰਨੇ ਦੇ ਬਕਾਏ ਦਾ ਭੁਗਤਾਨ ਕਰਵਾਉਣ ਅਤੇ ਭਾਅ ਵਧਾਉਣ ਲਈ ਕਿਸਾਨਾਂ ਵੱਲੋਂ ਕੌਮੀ ਮਾਰਗ ਅਤੇ ਰੇਲ ਮਾਰਗ ’ਤੇ ਲਾਇਆ ਗਿਆ ਧਰਨਾ ਅੱਜ ਵਰ੍ਹਦੇ ਮੀਂਹ ਵਿੱਚ ਤੀਜੇ ਦਿਨ ਵੀ ਜਾਰੀ ਰਿਹਾ। ਰੱਖੜੀ ਦਾ ਤਿਉਹਾਰ ਹੋਣ ਕਾਰਨ ਕਿਸਾਨਾਂ ਨੇ ਕੌਮੀ ਮਾਰਗ ਨਾਲ ਲੱਗਦੀ ਸਰਵਿਸ ਲੇਨ, ਕਾਰਾਂ ਅਤੇ ਦੋਪਹੀਆ ਵਾਹਨਾਂ ਲਈ ਖੋਲ੍ਹ ਦਿੱਤੀ ਸੀ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਧਰਨੇ ਵਿੱਚ ਡਟੇ ਕਿਸਾਨਾਂ ਨੂੰ ਭੈਣਾਂ ਨੇ ਉੱਥੇ ਜਾ ਕੇ ਰੱਖੜੀਆਂ ਬੰਨ੍ਹੀਆਂ। ਜਲੰਧਰ ਤੋਂ ਦਿੱਲੀ ਜਾਣ ਵਾਲੇ ਕੌਮੀ ਮਾਰਗ ਅਤੇ ਰੇਲਵੇ ਮਾਰਗ ’ਤੇ ਪਿੰਡ ਧੰਨੋਵਾਲੀ ਨੇੜੇ ਧਰਨਾ ਸਥਾਨ ’ਤੇ ਮੀਂਹ ਕਾਰਨ ਪਾਣੀ ਭਰ ਗਿਆ ਜਿਸ ਕਾਰਨ ਉੱਥੇ ਕਿਸਾਨਾਂ ਦਾ ਬੈਠਣਾ ਮੁਸ਼ਕਿਲ ਹੋ ਗਿਆ। ਕਿਸਾਨਾਂ ਨੇ ਰੇਲ ਪਟੜੀ ਨੂੰ ਟਰਾਲੀ ਖੜ੍ਹੀ ਕਰਕੇ ਰੋਕੀ ਰੱਖਿਆ। ਸੜਕ ’ਤੇ ਪਾਣੀ ਖੜ੍ਹ ਜਾਣ ’ਤੇ ਬੁਲਾਰਿਆਂ ਨੇ ਟਰਾਲੀਆਂ ਵਿੱਚੋਂ ਸਪੀਕਰ ਰਾਹੀਂ ਕਿਸਾਨਾਂ ਨੂੰ ਸੰਬੋਧਨ ਕੀਤਾ। ਮੀਂਹ ਹਟਣ ਮਗਰੋਂ ਕਿਸਾਨਾਂ ਨੇ ਮੁੜ ਰੇਲ ਪਟੜੀਆਂ ਮੱਲ ਲਈਆਂ। ਰਾਤ ਤੋਂ ਹੀ ਪੈ ਰਹੇ ਮੀਂਹ ਕਾਰਨ ਧਰਨੇ ਵਾਲੀ ਥਾਂ ਤੋਂ ਰਾਮਾਮੰਡੀ ਚੌਕ ਤੱਕ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਧਰਨੇ ਵਾਲੀ ਥਾਂ ’ਤੇ ਰੱਖੜੀ ਬੰਨ੍ਹਣ ਲਈ ਆਈਆਂ ਭੈਣਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ ਪਰ ਮੋਦੀ ਸਰਕਾਰ ਗੱਲ ਤੱਕ ਸੁਣਨ ਲਈ ਤਿਆਰ ਨਹੀਂ। ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਹੈ ਕਿ ਕੈਪਟਨ ਸਰਕਾਰ ਵੀ ਕਿਸਾਨਾਂ ਨਾਲ ਕੇਂਦਰ ਵਰਗਾ ਵਿਵਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਖੇਤੀ ਹੀ ਅਜਿਹਾ ਧੰਦਾ ਹੈ, ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਖ਼ਰੀਦਣ ਦੇ ਬਾਅਦ ਵੀ ਲੰਮਾ ਸਮਾਂ ਪੈਸੇ ਨਹੀਂ ਦਿੱਤੇ ਜਾਂਦੇ। ਗੰਨੇ ਦਾ 200 ਕਰੋੜ ਦਾ ਬਕਾਇਆ ਦੋ ਸਾਲ ਤੋਂ ਮਿੱਲਾਂ ਵੱਲ ਖੜ੍ਹਾ ਹੈ। ਉਨ੍ਹਾਂ ਸੁਆਲ ਕੀਤਾ ਕਿ ਕੀ ਫੈਕਟਰੀਆਂ ਵਾਲੇ 200 ਕਰੋੜ ਦਾ ਸਮਾਨ ਦੋ ਸਾਲ ਵਾਸਤੇ ਉਧਾਰ ਦੇ ਸਕਦੇ ਹਨ ਅਤੇ ਉਹ ਵੀ ਬਿਨਾਂ ਵਿਆਜ ਤੋਂ? ਕੁਲਵਿੰਦਰ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਪੈਸੇ ਲੈਣ ਲਈ ਧਰਨੇ ਲਗਾਉਣੇ ਪੈ ਰਹੇ ਹਨ।
ਰੇਲ ਰੋਕੋ ਅੰਦੋਲਨ ਤਹਿਤ 13 ਰੇਲ ਗੱਡੀਆਂ ਰੱਦ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜਲੰਧਰ ਵਿੱਚ ਕਿਸਾਨਾਂ ਵੱਲੋਂ ਰੇਲ ਮਾਰਗ ’ਤੇ ਦਿੱਤੇ ਧਰਨੇ ਦੇ ਸੱਦੇ ਤਹਿਤ ਰੇਲ ਵਿਭਾਗ ਨੇ 23 ਅਗਸਤ ਨੂੰ ਇੱਥੋਂ ਚੱਲਣ ਵਾਲੀਆਂ 13 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਮਿਲੇ ਵੇਰਵਿਆਂ ਮੁਤਾਬਕ ਰੱਦ ਕੀਤੀਆਂ ਰੇਲ ਗੱਡੀਆਂ ਵਿੱਚ ਅੰਮ੍ਰਿਤਸਰ-ਦਿੱਲੀ ਵਿਚਾਲੇ ਚੱਲਦੀਆਂ ਗੱਡੀਆਂ, ਹਾਵੜਾ ਮੇਲ ਰੇਲਗੱਡੀ, ਅੰਮ੍ਰਿਤਸਰ ਤੋਂ ਨੰਗਲ ਡੈਮ ਵਿਚਾਲੇ ਚੱਲਦੀ ਰੇਲ ਗੱਡੀ, ਅੰਮ੍ਰਿਤਸਰ ਤੋਂ ਨਾਂਦੇੜ ਤੇ ਚੰਡੀਗੜ੍ਹ ਵਿਚਾਲੇ ਚੱਲਦੀਆਂ ਰੇਲਗੱਡੀਆਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਈ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ ਤੇ ਕਈ ਰੇਲ ਗੱਡੀਆਂ ਦੇ ਰੂਟਾਂ ਨੂੰ ਪਹਿਲਾਂ ਹੀ ਵੱਖ-ਵੱਖ ਸਟੇਸ਼ਨਾਂ ’ਤੇ ਖਤਮ ਕਰ ਦਿੱਤਾ ਗਿਆ ਹੈ।