ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਫਰਵਰੀ
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਅੱਜ ਹਰਿਆਣਾ ਤੋਂ ਆਏ ਕਿਸਾਨ ਜੱਲ੍ਹਿਆਂਵਾਲਾ ਬਾਗ ’ਚੋਂ ਸ਼ਹੀਦਾਂ ਦੀ ਮਿੱਟੀ ਅਤੇ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਲੈ ਕੇ ਗਏ ਹਨ। ਇਹ ਮਿੱਟੀ ਅਤੇ ਜਲ ਉਨ੍ਹਾਂ ਨੂੰ ਜੱਲ੍ਹਿਆਂਵਾਲਾ ਬਾਗ ਫਰੀਡਮ ਫਾਈਟਰ ਫਾਊਂਡੇਸ਼ਨ ਨੇ ਮੁਹੱਈਆ ਕਰਵਾਇਆ। ਜਥੇਬੰਦੀ ਦੇ ਮੁਖੀ ਸੁਨੀਲ ਕੁਮਾਰ, ਜਿਸ ਦੇ ਪੜਦਾਦਾ ਵਾਸੂਮਲ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਹੋਏ ਸਨ, ਨੇ ਦੱਸਿਆ ਕਿ ਅੱਜ ਹਰਿਆਣਾ ਤੋਂ ਹਾਈ ਕੋਰਟ ਦੇ ਸਾਬਕਾ ਜੱਜ ਬੀ.ਜੀ ਕੋਲਸੇਅ ਪਟੇਲ , ਕਿਸਾਨ ਆਗੂ ਕੁਲਦੀਪ, ਮੰਗਲ ਸਿੰਘ ਤੇ ਹੋਰ ਇਥੇ ਆਏ ਸਨ। ਇਨ੍ਹਾਂ ਨੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਸਰੋਵਰ ਦਾ ਜਲ ਲਿਆ। ਮਗਰੋਂ ਜੱਲ੍ਹਿਆਂਵਾਲਾ ਬਾਗ ਗਏ ਤੇ ਉਥੋਂ ਸ਼ਹੀਦੀ ਸਥਾਨ ਤੋਂ ਮਿੱਟੀ ਲਈ। ਇਸ ਮੌਕੇ ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ ਵੀ ਹਾਜ਼ਰ ਸਨ। ਕਿਸਾਨ ਆਗੂਆਂ ਨੇ ਆਖਿਆ ਕਿ ਜਦੋਂ ਤਕ ਮੋਦੀ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਇਹ ਵਿਰੋਧ ਜਾਰੀ ਰਹੇਗਾ। ਉਨ੍ਹਾਂ ਮੋਦੀ ਸਰਕਾਰ ਦੀ ਇਸ ਕਾਰਵਾਈ ਦੀ ਤੁਲਨਾ ਅੰਗਰੇਜ਼ਾਂ ਵੇਲੇ ਲਿਆਂਦੇ ਗਏ ਰੋਲਟ ਐਕਟ ਨਾਲ ਕੀਤੀ, ਜਿਸ ਦੀ ਕੋਈ ਦਲੀਲ, ਅਪੀਲ ਅਤੇ ਕੋਈ ਵਕੀਲ ਨਹੀਂ ਸੀ।