ਪੱਤਰ ਪ੍ਰੇਰਕ
ਮੋਰਿੰਡਾ, 30 ਜੂਨ
ਸਥਾਨਕ ਪੁਲੀਸ ਨੇ ਇੱਥੋਂ ਦੀ ਪੁਰਾਣੀ ਬੱਸੀ ਪਠਾਣਾਂ ਸੜਕ ਤੋਂ ਇੱਕ ਨੌਜਵਾਨ ਨੂੰ 28 ਗ੍ਰਾਮ ਨਸ਼ੀਲੇ ਪਦਾਰਥ ਅਤੇ 3 ਲੱਖ ਤੋਂ ਵੱਧ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਸਿਮਰਾ ਪੁੱਤਰ ਬੰਤ ਸਿੰਘ ਕਲਾਰਾਂ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਬੰਤ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀਆਂ ਵਿੱਚੋਂ ਹੈ, ਜਿਨ੍ਹਾਂ ਨੂੰ ਚੰਨੀ ਵੱਲੋਂ ਪਨਗਰੇਨ ਦਾ ਚੇਅਰਮੈਨ ਵੀ ਲਾਇਆ ਗਿਆ ਸੀ। ਥਾਣਾ ਮੋਰਿੰਡਾ ਸ਼ਹਿਰੀ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲੀਸ ਪਾਰਟੀ ਵੱਲੋਂ ਪੁਰਾਣੀ ਬੱਸੀ ਪਠਾਣਾਂ ਰੋਡ ’ਤੇ ਨਾਕਾ ਲਗਾਇਆ ਗਿਆ ਸੀ।
ਇਸ ਦੌਰਾਨ ਭੰਡਾਰੀ ਕਲੀਨਿਕ ਨੇੜੇ ਇੱਕ ਨੌਜਵਾਨ ਪੈਦਲ ਆ ਰਿਹਾ ਸੀ ਜਿਹੜਾ ਪੁਲੀਸ ਮੁਲਾਜ਼ਮਾਂ ਨੁੂੰ ਵੇਖ ਕੇ ਪਿੱਛੇ ਮੁੜਨ ਲੱਗਿਆ ਅਤੇ ਉਸ ਨੇ ਇੱਕ ਮੋਮੀ ਲਿਫ਼ਾਫ਼ਾ ਆਪਣੀ ਨਿੱਕਰ ਦੀ ਜੇਬ੍ਹ ਵਿੱਚੋਂ ਕੱਢ ਕੇ ਸੁੱਟ ਦਿੱਤਾ। ਪੁਲੀਸ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ। ਮੋਮੀ ਲਿਫਾਫੇ ਵਿੱਚੋਂ 28 ਗ੍ਰਾਮ ਨਸ਼ੀਲਾ ਪਦਾਰਥ ਅਤੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਤਿੰਨ ਲੱਖ ਤਿੰਨ ਸੌ ਰੁਪਏ ਡਰੱਗ ਮਨੀ ਵਜੋਂ ਬਰਾਮਦ ਹੋਏ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 22/61/85 ਅਧੀਨ ਮੁਕੱਦਮਾ ਨੰਬਰ 61 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।