ਨਵੀਂ ਦਿੱਲੀ, 10 ਜਨਵਰੀ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਦਿੱਲੀ ਅਤੇ ਹਰਿਆਣਾ ਦੀ ਸਿੰਘੂ ਸਰਹੱਦ ’ਤੇ ਅੰਦੋਲਨ 40 ਦਿਨਾਂ ਤੋਂ ਵੱਧ ਤੋਂ ਚੱਲ ਰਿਹਾ ਹੈ ਪਰ ਦੋ ਚੀਜ਼ਾਂ ਜਿਹੜੀਆਂ ਸੰਘਰਸ਼ ਨੂੰ ਮਘਾਈ ਜਾ ਰਹੀਆਂ ਹਨ ਉਹ ਹਨ ਲੰਗਰ ਤੇ ਜਿੱਤ ਦੀ ਭਾਵਨਾ। ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਲੰਗਰ ਲਈ ਚੁੱਲ੍ਹਿਆਂ ਨੂੰ ਤਪਾਇਆ ਗਿਆ ਸੀ ਤੇ ਉਹ ਉਦੋਂ ਤੋਂ ਲਗਾਤਰ ਭਖੇ ਹੋਏ ਹਨ। ਲੰਗਰ 24×7 ਦਿਨ ਚੱਲ ਰਿਹਾ ਹੈ। ਸੰਘਰਸ਼ਸ਼ੀਲ ਪੁਰਸ਼ਾਂ ਨਾਲ ਆਈਆਂ ਔਰਤਾਂ ਵੀ ਸੰਘਰਸ਼ ਵਿੱਚ ਬਰਾਬਰ ਦੀ ਭੂਮਿਕਾ ਵਿੱਚ ਹਨ। ਇਥੇ ਵਾਰੋ ਵਾਰੀ ਲੰਗਰ ਦੀ ਡਿਊਟੀ ਦਿੱਤੀ ਜਾ ਰਹੀ ਹੈ। ਲੰਗਰ ਲਈ ਰਸਦ ਦੀ ਕੋਈ ਘਾਟ ਨਹੀਂ। ਦਿਲਚਸਪ ਗੱਲ ਹੈ ਕਿ ਇਥੇ ਕਈ ਤਰ੍ਹਾਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਦਾਲ, ਸਬਜ਼ੀਆਂ, ਰੋਟੀਆਂ ਤੋਂ ਇਲਾਵਾ ਖੀਰ, ਪੀਜ਼ੇ ਵੀ ਲਗਾਤਾਰ ਤਿਆਰ ਹੁੰਦੇ ਰਹਿੰਦੇ ਹਨ। ਇੰਨੇ ਭੀੜ ਹੋਣ ਦੇ ਬਾਵਜੂਦ ਲੰਗਰਘਰਾਂ ਵਿੱਚ ਸਾਫ਼ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।