ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਅਪਰੈਲ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਵਾਨ ਕੀਤੀ ਗਈ ਯੋਜਨਾ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰਾਂ ’ਤੇ ਅਤਿ-ਆਧੁਨਿਕ ਸਕੈਨਿੰਗ ਮਸ਼ੀਨਾਂ ਸਥਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਤਕਨੀਕੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ ਅਤੇ ਅਮਲੇ ਨੂੰ ਵੀ ਇਹ ਮਸ਼ੀਨਾਂ ਚਲਾਉਣ ਲਈ ਸਿੱਖਿਅਤ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸਕੈਨਿੰਗ ਮਸ਼ੀਨਾਂ ਘੰਟਾ ਘਰ ਪ੍ਰਵੇਸ਼ ਦੁਆਰ, ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇੜਲੇ ਪ੍ਰਵੇਸ਼ ਦੁਆਰ, ਗੁਰੂ ਰਾਮਦਾਸ ਸਰਾਂ ਨੇੜਲੇ ਪ੍ਰਵੇਸ਼ ਦੁਆਰ ਅਤੇ ਆਟਾ ਮੰਡੀ ਚੌਕ ਵਾਲੇ ਪਾਸੇ ਦੇ ਪ੍ਰਵੇਸ਼ ਦੁਆਰ ’ਤੇ ਸਥਾਪਤ ਕੀਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਇਸ ਸਬੰਧੀ ਇੱਕ ਸਬ-ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਬਾਜ਼ਾਰ ਵਿਚ ਉਪਲੱਬਧ ਸਕੈਨਿੰਗ ਮਸ਼ੀਨਾਂ ਦਾ ਪਤਾ ਲਾਵੇਗੀ।