ਜੋਗਿੰਦਰ ਸਿੰਘ ਮਾਨ
ਮਾਨਸਾ, 9 ਮਈ
ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਕਾਰਨ ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਐਂਤਕੀ ਕਿਸਾਨਾਂ ਨੂੰ ਅਗੇਤਾ ਝੋਨਾ ਲਾਉਣ ਤੋਂ ਰੋਕਣ ਲਈ ਪਾਸਾ ਵੱਟਦੀ ਦਿਖਾਈ ਦੇ ਰਹੀ ਹੈ। ਮਾਲਵਾ ਪੱਟੀ ਦੇ ਬਹੁਤੇ ਕਿਸਾਨਾਂ ਨੇ ਲਗਭਗ ਅੱਜ ਤੋਂ 10 ਦਿਨ ਪਹਿਲਾਂ ਝੋਨੇ ਦਾ ਬੀਜ ਕਿਆਰੀਆਂ ਬਣਾ ਕੇ ਖਿਲਾਰ ਦਿੱਤਾ ਸੀ, ਜੋ ਹੁਣ ਹਰਾ ਵੀ ਹੋ ਗਿਆ ਹੈ ਪਰ ਅੱਜ ਤੱਕ ਨਾ ਤਾਂ ਕੋਈ ਪੁਲੀਸ ਅਧਿਕਾਰੀ ਤੇ ਨਾ ਹੀ ਖੇਤੀ ਮਹਿਕਮੇ ਦਾ ਕੋਈ ਅਫ਼ਸਰ ਕਿਸਾਨਾਂ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਅਗੇਤੀ ਪਨੀਰੀ ਬੀਜਣ ਤੋਂ ਰੋਕਣ ਲਈ ਖੇਤਾਂ ਵਿੱਚ ਗਿਆ ਹੈ।
ਸੂਬੇ ਦੇ ਮਾਲਵਾ ਖੇਤਰ ਵਿੱਚ ਝੋਨੇ ਦੀ ਫ਼ਸਲ ਵੱਡੀ ਪੱਧਰ ’ਤੇ ਬੀਜੀ ਜਾਂਦੀ ਹੈ। ਝੋਨੇ ਦੇ ਸੀਜ਼ਨ ਦੌਰਾਨ ਫ਼ਸਲ ਨੂੰ ਪਾਲਣ ਲਈ ਕਿਸਾਨਾਂ ਵੱਲੋਂ ਧਰਤੀ ਹੇਠਲਾ ਪਾਣੀ ਲਗਾਤਾਰ ਵਰਤਿਆ ਜਾਂਦਾ ਹੈ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਹੱਦੋਂ ਵੱਧ ਥੱਲੇ ਚਲਾ ਗਿਆ ਹੈ, ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪਿਛਲੇ 8 ਸਾਲਾਂ ਤੋਂ ਬਾਕਾਇਦਾ ਮੁਹਿੰਮ ਆਰੰਭੀ ਹੋਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਿਸਾਨ ਆਪਣੀ ਮਰਜ਼ੀ ਅਨੁਸਾਰ ਖੇਤਾਂ ਵਿੱਚ ਝੋਨੇ ਦੀ ਲੁਆਈ ਕੁੱਝ ਅਗੇਤੀ, ਕੁੱਝ ਪਛੇਤੀ ਕਰਦੇ ਸਨ ਅਤੇ ਕਈ ਤਰ੍ਹਾਂ ਦੀਆਂ ਕਿਸਮਾਂ ਦੀ ਵਰਤੋਂ ਕਰਦੇ ਸਨ, ਜਿਸ ਕਾਰਨ ਨਾ ਕਦੇ ਲੇਬਰ ਦੀ ਦਿੱਕਤ ਆਈ ਸੀ ਤੇ ਨਾ ਹੀ ਮੰਡੀ ਵਿੱਚ ਝੋਨੇ ਦੀ ਖਰੀਦ ਸਮੇਂ ਰੌਲੇ-ਰੱਪੇ ਪਏ ਸਨ ਪਰ ਪਿਛਲੇ ਸਾਲਾਂ ਤੋਂ ਸਰਕਾਰ ਵੱਲੋਂ ਸਖ਼ਤੀ ਵਰਤਣ ਕਾਰਨ ਕਿਸਾਨਾਂ ਨੂੰ ਇਹ ਦੋਵੇਂ ਮੁਸ਼ਕਲਾਂ ਨੇ ਘੇਰ ਰੱਖਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸਰਕਾਰ ਨੇ 2019 ਵਿੱਚ ਝੋਨੇ ਦੀ ਲੁਆਈ ਦਾ ਸਮਾਂ 20 ਜੂਨ ਤੈਅ ਕਰ ਦਿੱਤਾ, ਜਿਸ ਨੂੰ ਦੇਖਦਿਆਂ ਜਥੇਬੰਦੀਆਂ ਪਿਛਲੇ ਸਾਲ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਲੁਆਈ ਪਹਿਲੀ ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਤਾਂ ਹਕੂਮਤ ਨੂੰ ਵੀ ਪਿੱਛੇ ਹਟਣਾ ਪਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਐਲਾਨ ਕਰਨਾ ਪਿਆ ਕਿ ਝੋਨੇ ਦੀ ਲੁਵਾਈ 12 ਜੂਨ ਤੋਂ ਕੀਤੀ ਜਾਵੇ ਪਰ ਇਸ ਵਾਰ ਝੋਨੇ ਦੀ ਲੁਆਈ ਦੇ ਮਸਲੇ ’ਤੇ ਸਰਕਾਰ ਦਾ ਕੋਈ ਵੀ ਬਿਆਨ ਨਹੀਂ ਆਇਆ।
ਇਸ ਸਬੰਧੀ ਖੇਤੀਬਾੜੀ ਮਹਿਕਮੇ ਦੇ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਪਨੀਰੀ ਪੁੱਟ ਕੇ ਝੋਨਾ ਲਾਉਣ ਦਾ ਸਮਾਂ 13 ਜੂਨ ਮਿਥਿਆ ਗਿਆ ਹੈ।