ਰਵੇਲ ਸਿੰਘ ਭਿੰਡਰ
ਪਟਿਆਲਾ, 7 ਜਨਵਰੀ
ਇੱਥੇ ਵਿਰਾਸਤੀ ਕਿਲਾ ਮੁਬਾਰਕ ਵਿੱਚ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ ਦਿਨ ਮਨਾਉਣ ਸਬੰਧੀ ਕਰਵਾਏ ਧਾਰਮਿਕ ਸਮਾਗਮ ’ਚ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸ਼ਿਰਕਤ ਕੀਤੀ। ਕਿਲਾ ਮੁਬਾਰਕ ਦੇ ਬੁਰਜ ਬਾਬਾ ਆਲਾ ਸਿੰਘ, ਜਿੱਥੇ ਕਰੀਬ ਢਾਈ ਸਦੀਆਂ ਤੋਂ ਅਖੰਡ ਜੋਤ ਅਤੇ ਧੂਣਾ ਬਲ ਰਿਹਾ ਹੈ, ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਮਗਰੋਂ ਕੀਰਤਨ ਹੋਇਆ। ਇਸ ਮੌਕੇ ਪ੍ਰਨੀਤ ਕੌਰ ਨੇ ਬਾਬਾ ਆਲਾ ਸਿੰਘ ਦੀ ਜੋਤ ਤੇ ਧੂਣੇ ਦੇ ਦਰਸ਼ਨ ਵੀ ਕੀਤੇ।
ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਅੱਜ ਇਸ ਸ਼ੁੱਭ ਦਿਹਾੜੇ ’ਤੇ ਉਨ੍ਹਾਂ ਨੇ ਪਟਿਆਲਾ ਸ਼ਹਿਰ ਵਾਸੀਆਂ ਦੀ ਸੁੱਖ-ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਦੀ ਵਿਰਾਸਤ ਅਤੇ ਇਸ ਨੂੰ ਦਰਸਾਉਂਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਅਹਿਮ ਕਦਮ ਪੁੱਟੇ ਹਨ। ਪਟਿਆਲਾ ਦਾ ਇਹ ਪੁਰਾਤਨ ਕਿਲਾ ਮਹਾਰਾਜਾ ਬਾਬਾ ਆਲਾ ਸਿੰਘ ਦੀ ਯਾਦਗਾਰ ਹੋਣ ਦੇ ਨਾਲ-ਨਾਲ ਪੁਰਾਤਨ ਇਮਾਰਤ ਕਲਾ ਦਾ ਵੀ ਅਹਿਮ ਨਮੂਨਾ ਹੈ, ਜਿਸ ਦੀ ਸਾਂਭ-ਸੰਭਾਲ ਲਈ ਉੱਦਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਨਾਲ-ਨਾਲ ਪੰਜਾਬ ਭਰ ਵਿੱਚ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਵਿਸ਼ੇਸ਼ ਫੰਡ ਰਾਖਵੇਂ ਰੱਖੇ ਗਏ ਹਨ। ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਵੀ ਮੌਜੂਦ ਸਨ।