ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਮਈ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਪੰਜਾਬ ਸਰਕਾਰ ਤੋਂ ਇਹ ਮੁੱਦੇ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ। ਰਾਜੇਵਾਲ ਨੇ ਕਿਹਾ ਕਿ ਜੇ ਸਰਕਾਰ ਨੇ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਜੁਲਾਈ ਮਹੀਨੇ ਤੱਕ ਕੋਈ ਕਦਮ ਨਾ ਚੁੱਕੇ ਤਾਂ ਜਥੇਬੰਦੀ ਅਗਸਤ ਮਹੀਨੇ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਗਾਵੇਗੀ। ਬਲਵੀਰ ਸਿੰਘ ਰਾਜੇਵਾਲ ਇੱਥੋਂ ਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਯੂਨੀਅਨ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਬਰਸਾਤ ਸ਼ੁਰੂ ਹੁੰਦਿਆਂ ਹੀ ਯੂਨੀਅਨ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਇਹ ਮੁੱਦਾ ਉਠਾ ਰਹੇ ਹਨ ਕਿ ਇੱਕ ਕਾਨੂੰਨ ਬਣਾਇਆ ਜਾਵੇ ਕਿ ਹਰ ਕਿਸਾਨ ਦੀ ਟਿਊਬਵੈੱਲ ਨੇੜੇ ਦਸ ਬੂਟੇ ਲਗਾਉਣ ਦੀ ਜ਼ਿੰਮੇਵਾਰ ਤੈਅ ਕੀਤੀ ਜਾਵੇ, ਉਸ ਦਾ ਬਕਾਇਦਾ ਕਾਰਡ ਬਣਾਇਆ ਜਾਵੇ, ਜੋ ਕਿ ਹਰ ਪੰਜ ਸਾਲ ਬਾਅਦ ਰੀਨਿਊ ਹੋਵੇ। ਇਸ ਤੋਂ ਇਲਾਵਾ ਪੰਜ ਮਰਲੇ ਦੇ ਘਰ ਵਿੱਚ ਦੋ ਬੂਟੇ ਅਤੇ ਦਸ ਮਰਲੇ ਦੇ ਘਰ ਵਿਚ ਚਾਰ ਬੂਟੇ ਲਗਾਉਣੇ ਲਾਜ਼ਮੀ ਕੀਤੇ ਜਾਣ। ਇਨ੍ਹਾਂ ਦਾ ਵੀ ਕਾਰਡ ਬਣਾਇਆ ਜਾਵੇ। ਜੇ ਕੋਈ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ ਕਿ ਤਾਂ ਉਸ ਦਾ ਸਰਕਾਰੇ-ਦਰਬਾਰੇ ਕੋਈ ਕੰਮ ਨਾ ਕੀਤਾ ਜਾਵੇ।
ਕਿਸਾਨ ਆਗੂ ਨੇ ਪੰਜਾਬ ’ਚ ਲਗਾਤਾਰ ਹੇਠਾਂ ਜਾ ਰਹੇ ਪਾਣੀ ਦੇ ਪੱਧਰ ’ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਭਵਿੱਖ ਲਈ ਹਾਲਾਤ ਸੁਖਾਵੇਂ ਨਹੀਂ ਹਨ ਕਿਉਂਕਿ ਅਸੀਂ ਧਰਤੀ ਹੇਠਲੇ ਪਾਣੀ ਦੀ ਅਖੀਰਲੀ ਤੈਅ ਦਾ ਪਾਣੀ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਯੂਐੱਸਏ ਦੀ ਇੱਕ ਕੰਪਨੀ ਨੇ ਖ਼ੁਦ ਨੂੰ ਪਾਣੀ ਵੇਚਣ ਲਈ ਰਜਿਸਟਰਡ ਕਰਵਾਇਆ ਹੈ ਅਤੇ ਦਾਅਵਾ ਕੀਤਾ ਹੈ ਕਿ ਸੰਨ 2025 ਤੱਕ ਦੁਨੀਆ ਦੀ ਦੋ ਤਿਹਾਈ ਆਬਾਦੀ ਪਾਣੀ ਤੋਂ ਵਾਂਝੀ ਹੋਵੇਗੀ। ਉਨ੍ਹਾਂ ਕਿਹਾ ਕਿ ਪਾਣੀ ਦੀ ਜਿਹੜੇ ਰਾਜਾਂ ਨੂੰ ਐਲੋਕੇਸ਼ਨ ਹੋਈ ਹੈ, ਉਸ ਅਨੁਸਾਰ ਦਿੱਲੀ, ਰਾਜਸਥਾਨ, ਹਰਿਆਣਾ ਆਪਣੇ ਹਿੱਸੇ ਦਾ ਪਾਣੀ ਲੈ ਜਾਂਦੇ ਹਨ ਪਰ ਪੰਜਾਬ ਨਾਲ ਠੱਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵਾਰ ਅਸੈਸਮੈਂਟ ਹੋਣਾ ਚਾਹੀਦਾ ਹੈ ਅਤੇ ਇਹ ਕਾਨੂੰਨ ਵੀ ਹੈ ਕਿ ਹਰ ਦਸ ਸਾਲ ਬਾਅਦ ਅਸੈਸਮੈਂਟ ਹੋਣੀ ਚਾਹੀਦੀ ਹੈ ਪਰ ਸੰਨ 1960-61 ਮਗਰੋਂ ਕੋਈ ਅਸੈਸਮੈਂਟ ਨਹੀਂ ਹੋਈ।
ਰਾਜੇਵਾਲ ਨੇ ਕਿਹਾ ਕਿ ਵਾਤਾਵਰਨ ਅਤੇ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਜੁਲਾਈ ਮਹੀਨੇ ’ਚ ਇੱਕ ਨੋਟਿਸ ਦਿੱਤਾ ਜਾਵੇਗਾ, ਜੇਕਰ ਸਰਕਾਰ ਨੇ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਅਗਸਤ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਕਿਰਤੀ ਕਿਸਾਨ ਯੂਨੀਅਨ ਵਿੱਢੇਗੀ ‘ਖੇਤੀ ਮਾਡਲ ਬਦਲੋ’ ਮੁਹਿੰਮ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਅੱਜ ਇੱਥੇ ਦੱਸਿਆ ਕਿ ਯੂਨੀਅਨ ਵੱਲੋਂ ਇਨਕਲਾਬ ਦੇ ਖੇਤੀ ਮਾਡਲ ਦੇ ਬਦਲ ਵਜੋਂ ਕੁਦਰਤ ਤੇ ਕਿਸਾਨ ਪੱਖੀ ਹੰਢਣਸਾਰ ਖੇਤੀ ਮਾਡਲ ਨੂੰ ਲਾਗੂ ਕਰਵਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ 9 ਜੂਨ ਨੁੂੰ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਕਾਨਫਰੰਸਾਂ ਕਰ ਕੇ ‘ਖੇਤੀ ਮਾਡਲ ਬਦਲੋ’ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਸੂਬਾ ਆਗੂ ਰਾਮਿੰਦਰ ਸਿੰਘ ਪਟਿਆਲਾ, ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ, ਜਗਤਾਰ ਸਿੰਘ ਭਿੰਡਰ, ਭੁਪਿੰਦਰ ਸਿੰਘ ਵੜੈਚ ਅਤੇ ਜਸਵਿੰਦਰ ਸਿੰਘ ਝਬੇਲਵਾਲੀ ਨੇ ਕਿਹਾ ਕਿ ਪੰਜਾਬ ਵਿੱਚ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਣ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ ਪਰ ਸਰਕਾਰ ਝੋਨੇ ਦੀਆਂ ਤਰੀਕਾਂ ਅੱਗੇ-ਪਿੱਛੇ ਕਰ ਕੇ ਜਾਂ ਬਿਜਾਈ ਦੇ ਤਰੀਕੇ ਬਦਲ ਕੇ ਸੰਕਟ ਦੇ ਹੱਲ ਤੋਂ ਮੂੰਹ ਮੋੜ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਹਰੇ ਇਨਕਲਾਬ ਦੇ ਖੇਤੀ ਵਿਕਾਸ ਮਾਡਲ ਦੀ ਦੇਣ ਝੋਨੇ ਨੂੰ ਅਲਵਿਦਾ ਕਹਿਣ ਦਾ ਸਮਾਂ ਹੈ ਅਤੇ ਇਸ ਦੇ ਬਦਲੇ ਇੱਕ ਬਦਲਵੇਂ ਕੁਦਰਤ ਅਤੇ ਵਾਤਾਵਰਨ ਲਈ ਸੁਖਾਵੇਂ ਅਤੇ ਕਿਸਾਨ ਮਜ਼ਦੂਰ ਪੱਖੀ ਹੰਢਣਸਾਰ ਖੇਤੀ ਮਾਡਲ ਦੀ ਲੋੜ ਹੈ। ਆਗੂਆਂ ਕਿਹਾ ਕਿ ਪਸ਼ੂ ਪਾਲਣ ਦਾ ਕਿੱਤਾ ਵਧਾ ਕੇ ਬਹੁਤ ਸਾਰਾ ਰਕਬਾ ਹਰੇ ਚਾਰੇ ਅਧੀਨ ਆ ਸਕਦਾ ਹੈ। ਇਸ ਦੇ ਨਾਲ ਹੀ ਡੇਅਰੀ ਦਾ ਕਾਰੋਬਾਰ ਵਿਕਸਿਤ ਕਰਕੇ ਛੋਟੇ ਕਿਸਾਨਾਂ ਮਜ਼ਦੂਰਾਂ ਦਾ ਰੁਜ਼ਗਾਰ ਵਧਾਇਆ ਜਾ ਸਕਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਲਾਹੇਵੰਦ ਭਾਅ ’ਤੇ ਫ਼ਸਲਾਂ ਖ਼ਰੀਦਣ ਦੀ ਗਾਰੰਟੀ ਦੇਣੀ ਚਾਹੀਦੀ ਹੈ।