ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਅਪਰੈਲ
ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਮਾਸਟਰ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੱਤਰ ਜੈਸ਼-ਏ-ਮੁਹੰਮਦ ਵੱਲੋਂ ਲਿਖਿਆ ਗਿਆ ਹੈ। ਹਿੰਦੀ ਵਿੱਚ ਲਿਖੇ ਇਸ ਪੱਤਰ ਵਿੱਚ ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਏਰੀਆ ਕਮਾਂਡਰ ਅਨਸਾਰੀ ਦੱਸਿਆ ਹੈ। ਇਸ ਪੱਤਰ ਵਿਚ ਲਿਖਿਆ ਹੈ ਕਿ 21 ਅਤੇ 23 ਮਈ ਨੂੰ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਧਮਾਕੇ ਕੀਤੇ ਜਾਣਗੇ। ਇਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਰਾਜਪਾਲ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਵੀ ਦਿੱਤੀ ਹੈ। ਇਸ ਦੇ ਨਾਲ ਹੀ ਸੁਲਤਾਨਪੁਰ ਲੋਧੀ, ਜਲੰਧਰ ਤੇ ਫਿਰੋਜ਼ਪੁਰ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਸੁਲਤਾਨਪੁਰ ਲੋਧੀ ਦੇ ਡੀਐੱਸਪੀ ਰਾਜੇਸ਼ ਕੱਕੜ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।