ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 4 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਰੇਲ ਟਰੈਕ ਉਪਰ ਚੱਲ ਰਿਹਾ ਰੇਲ ਰੋੋਕ ਅੰਦੋਲਨ ਅੱਜ 42ਵੇਂ ਦਿਨ ’ਚ ਦਾਖਲ ਹੋ ਗਿਆ। ਰੇਲ ਪੱਟੜੀਆਂ ਉਪਰ ਬਜ਼ੁਰਗ ਕਿਸਾਨ ਵੀ ਖੇਤੀ ਆਰਡੀਨੈਸਾਂ ਖਿਲਾਫ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ ਅਤੇ ਮੌਸਮ ਦੇ ਬਦਲਦੇ ਮਿਜਾਜ਼ ਦੀ ਪਰਵਾਹ ਕੀਤੇ ਬਿਨਾਂ ਰੇਲ ਪੱਟੜੀਆਂ ’ਤੇ ਡਟੇ ਬੈਠੇ ਹਨ। ਕਿਸਾਨ ਜੱਥੇਬੰਦੀ 5 ਨਵੰਬਰ ਦੇ ਕੌਮੀ ਬੰਦ ਨੂੰ ਸਫਲ ਕਰਨ ਲਈ ਤਿਆਰ ਬੈਠੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 5 ਨਵੰਬਰ ਨੂੰ ਕੌਮੀ ਬੰਦ ਦੌਰਾਨ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ 42 ਥਾਵਾਂ ’ਤੇ ਚੱਕਾ ਜਾਮ ਕੀਤਾ ਜਾ ਰਿਹਾ ਹੈ। ਜਥੇਬੰਦੀ ਵੱਲੋਂ ਅੰਦੋਲਨ ਨੂੰ ਹੋਰ ਤੇਜ਼ ਕਰਕੇ ਦੇਸ਼ ਵਿਆਪੀ ਕੀਤਾ ਜਾਵੇਗਾ ਤੇ ਇਸ ਨੂੰ ਨਿਰਅੰਤਰ ਜਾਰੀ ਰੱਖਿਆ ਜਾਵੇਗਾ ਅਤੇ ਇਹ ਕੌਮੀ ਬੰਦ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗਾ। ਉਨ੍ਹਾਂ ਕਿਹਾ 1947 ਤੋਂ ਬਾਅਦ ਇਹ ਸਭ ਤੋਂ ਵੱਡਾ ਖੇਤੀ ਅੰਦੋਲਨ ਚੱਲ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਨੇ 7 ਨਵੰਬਰ ਤੱਕ ਬਹਾਨੇ ਨਾਲ ਮਾਲ ਗੱਡੀਆਂ ਬੰਦ ਕਰਕੇ ਪੰਜਾਬੀਆਂ ਦੀ ਆਰਥਿਕ ਨਾਕਾਬੰਦੀ ਕੀਤੀ ਹੈ ਤਾਂ ਜੋ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾ ਸਕੇ। ਕਿਸਾਨ ਆਗੂ ਨੇ ਕਿਹਾ ਮੌਕੇ ਦੇ ਹਲਾਤਾਂ ਲਈ 5 ਨਵੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਵੀ ਚਰਚਾ ਕੀਤੀ ਜਾਵੇਗੀ ਅਤੇ ਮੀਟਿੰਗ ਵਿੱਚ ਫੰਡਾਂ ਦੀ ਮੁਹਿੰਮ ਬਾਰੇ ਵੀ ਜਾਇਜ਼ਾ ਲਿਆ ਜਾਵੇਗਾ। ਰੇਲ ਰੋਕੋ ਅੰਦੋਲਨ ਨੂੰ ਇੰਦਰਜੀਤ ਸਿੰਘ ਕੱਲੀਵਾਲ, ਰਾਣਾ ਰਣਬੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।