ਜੋਗਿੰਦਰ ਸਿੰਘ ਓਬਰਾਏ
ਖੰਨਾ, 13 ਅਗਸਤ
ਇਥੋਂ ਦੀ ਸਬਜ਼ੀ ਮੰਡੀ ਦੇ ਰੇਹੜੀ-ਫੜ੍ਹੀ ਵਾਲਿਆਂ ਦਾ ਮਾਮਲਾ ਦਿਨੋਂ ਦਿਨ ਭਖ਼ਦਾ ਹੀ ਜਾ ਰਿਹਾ ਹੈ, ਜਿਸ ਤਹਿਤ ਅੱਜ ਉਨ੍ਹਾਂ ਆਪਣੀਆਂ ਹੱਕੀ ਮੰਗਾਂ ਸਬੰਧੀ ਸੰਘਰਸ਼ ਕਰਦਿਆਂ ਮੁਕੰਮਲ ਭੁੱਖ ਹੜਤਾਲ ਅਰੰਭੀ। ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਤੇ ਰਿੰਕੂ ਲਖੀਆ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਮੰਡੀ ਵਿਚ ਰੇਹੜੀਆਂ ਲਗਾ ਰਹੇ ਹਨ ਅਤੇ ਮਾਰਕੀਟ ਕਮੇਟੀ ਤੋਂ ਲੜੀਵਾਰ ਪਰਚੀ ਕਟਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਕਾਰਨ ਜਦੋਂ ਸਾਰੇ ਕਾਰੋਬਾਰ ਬੰਦ ਸਨ ਤਾਂ ਉਨ੍ਹਾਂ ਦੀਆਂ ਰੇਹੜੀਆਂ ਨੂੰ ਮਾਰਕੀਟ ਕਮੇਟੀ ਦੇ ਸਕੱਤਰ ਨੇ ਮੰਡੀ ਸੈਨੇਟਾਈਜ਼ਰ ਦਾ ਬਹਾਨਾ ਲਾ ਕੇ ਬਾਹਰ ਕੱਢ ਦਿੱਤਾ ਅਤੇ ਹੁਣ ਜਦੋਂ ਰੇਹੜੀ ਫੜ੍ਹੀ ਵਾਲੇ ਮੰਡੀ ਦੇ ਅੰਦਰ ਰੇਹੜੀਆਂ ਲਗਾਉਣ ਲੱਗੇ ਤਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਰੇਹੜੀਆਂ ਲਾਉਣ ਤੋਂ ਇਨਕਾਰ ਕੀਤਾ ਗਿਆ। ਊਨ੍ਹਾਂ ਕਿਹਾ ਕਿ ਹੁਣ ਜਿਸ ਥਾਂ ’ਤੇ ਕਮੇਟੀ ਵੱਲੋਂ ਰੇਹੜੀਆਂ ਲਗਾਉਣ ਲਈ ਕਿਹਾ ਜਾ ਰਿਹਾ, ਉਹ ਥਾਂ ਕੱਚੀ ਹੈ ਅਤੇ ਅੱਜ ਬਰਸਾਤ ਹੋਣ ਕਾਰਨ ਉਸ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਇਸ ਥਾਂ ’ਤੇ ਨਾ ਤਾਂ ਰੇਹੜੀਆਂ ਵਾਲਿਆਂ ਲਈ ਕੋਈ ਸਹੂਲਤ ਹੈ ਅਤੇ ਗਾਹਕਾਂ ਨੂੰ ਵੀ ਸਾਰੀ ਮੰਡੀ ਵਿੱਚੋਂ ਲੰਘ ਕੇ ਪਿੱਛੇ ਜਾਣਾ ਔਖਾ ਹੈ। ਇਸ ਥਾਂ ’ਤੇ ਰੇਹੜੀਆਂ ਫੜ੍ਹੀਆਂ ਵਾਲਿਆਂ ਦੇ ਸਾਮਾਨ ਦੀ ਵੀ ਕੋਈ ਸੁਰੱਖਿਆ ਨਹੀਂ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ, ਬਾਥਰੂਮ ਤੇ ਬਿਜਲੀ ਆਦਿ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਾਰਕੀਟ ਕਮੇਟੀ ਜਦੋਂ ਤੱਕ ਸਬਜ਼ੀ ਅਤੇ ਫਲਾਂ ਦੀਆਂ ਰੇਹੜੀਆਂ ਪਹਿਲਾਂ ਵਾਲੀ ਥਾਂ ’ਤੇ ਨਹੀਂ ਲਗਵਾਉਂਦੀ ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਗਗਨਦੀਪ ਸਿੰਘ, ਪਰਦੀਪ ਸਿੰਘ ਕਾਲਾ ਤੇ ਰਾਜੇਸ਼ ਕੁਮਾਰ ਨੇ ਸੰਬੋਧਨ ਕੀਤਾ।