ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 23 ਸਤੰਬਰ
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਮਿੱਡੂਖੇੜਾ ਨੂੰ ਕਤਲ ਕਰਨ ਵਾਲੇ ਅਰਮੀਨੀਆ ’ਚ ਬੈਠੇ ਹਨ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮਿੱਡੂਖੇੜਾ ਕਤਲ ਕੇਸ ਦੀਆਂ ਤਾਰਾਂ ਅਰਮੀਨੀਆ ਬੈਠੇ ਲੱਕੀ ਪਡਿਆਲ ਗਰੋਹ ਨਾਲ ਜੁੜੀਆਂ ਹਨ। ਜ਼ਿਕਰਯੋਗ ਹੈ ਕਿ ਬੀਤੀ 7 ਅਗਸਤ ਨੂੰ ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਸਮੀਰ ਪ੍ਰਾਪਰਟੀ ਡੀਲਰ ਦੇ ਦਫ਼ਤਰ ਅੱਗੇ ਗੋਲੀਆਂ ਮਾਰ ਕੇ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਤੱਕ ਪੁਲੀਸ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਐੱਸਐੱਸਪੀ ਨੇ ਦੱਸਿਆ ਕਿ ਮਟੌਰ ਥਾਣੇ ਵਿੱਚ ਦਰਜ ਇਸ ਕਤਲ ਕੇਸ ਦੀ ਤਫ਼ਤੀਸ਼ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਤੇ ਡੀਐੱਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਪਿੱਛੇ ਗੌਰਵ ਪਡਿਆਲ ਉਰਫ਼ ਲੱਕੀ ਪਡਿਆਲ ਵਾਸੀ ਖੁੱਡਾ ਅਲੀਸ਼ੇਰ ਦਾ ਹੱਥ ਹੈ, ਜੋ ਹੁਣ ਅਰਮੀਨੀਆ ਵਿੱਚ ਰਹਿੰਦਾ ਹੈ। ਪੰਜਾਬ ’ਚ ਕਈ ਅਪਰਾਧਿਕ ਕੇਸਾਂ ਵਿੱਚ ਲੋੜੀਂਦਾ ਲੱਕੀ ਪਡਿਆਲ ਇਸ ਸਮੇਂ ਦਵਿੰਦਰ ਬੰਬੀਹਾ ਗਰੋਹ ਚਲਾ ਰਿਹਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਵਿੱਕੀ ਮਿੱਡੂਖੇੜਾ ਕਤਲ ਤੋਂ ਬਾਅਦ ਫੇਸਬੁੱਕ ’ਤੇ ਪਾਈ ਪੋਸਟ ਵਿੱਚ ਗੈਂਗਸਟਰ ਬੰਬੀਹਾ ਗਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਗਰੋਹ ਨੂੰ ਚਲਾ ਰਿਹਾ ਲੱਕੀ ਪਡਿਆਲ ਇਸ ਕਤਲ ਲਈ ਜ਼ਿੰਮੇਵਾਰ ਹੈ। ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਗੈਂਗਸਟਰ ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾ ਜ਼ਿਲ੍ਹਾ ਗੁਰੂਗਰਾਮ, ਜੋ ਹੁਣ ਕਰਨਾਲ ਜੇਲ੍ਹ ਵਿੱਚ ਬੰਦ ਹੈ, ਨੇ ਆਪਣੇ ਗਰੋਹ ਦੇ ਭਗੌੜੇ ਹੋਏ ਸਾਥੀਆਂ ਦਾ ਲੱਕੀ ਪਡਿਆਲ ਨਾਲ ਤਾਲਮੇਲ ਕਰਵਾਇਆ ਸੀ। ਲੱਕੀ ਪਡਿਆਲ ਨੇ ਹੀ ਬੀਤੀ 20 ਜੂਨ ਨੂੰ ਕੌਸ਼ਲ ਚੌਧਰੀ ਦੇ ਭਗੌੜੇ ਸਾਥੀ ਵਿਕਾਸ ਮਾਹਲੇ ਵਾਸੀ ਪਿੰਡ ਧਨਵਾਪੁਰ ਜ਼ਿਲ੍ਹਾ ਗੁਰੂਗਰਾਮ ਤੇ ਪੁਨੀਤ ਸ਼ਰਮਾ ਵਾਸੀ ਜਲੰਧਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਸੁਖਮੀਤ ਉਰਫ਼ ਡਿਪਟੀ ਵਾਸੀ ਜਲੰਧਰ ਦਾ ਕਤਲ ਕਰਵਾਇਆ ਸੀ। ਇਸ ਸਬੰਧੀ ਥਾਣਾ ਡਿਵੀਜ਼ਨ ਨੰ. 2 ਜਲੰਧਰ ਵਿੱਚ ਕੇਸ ਦਰਜ ਹੈ। ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਜਲੰਧਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਗੈਂਗਸਟਰ ਕੌਸ਼ਲ ਚੌਧਰੀ ਦੀ ਮਦਦ ਨਾਲ ਕਰਵਾਇਆ ਕਤਲ
ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਪਡਿਆਲ ਉਰਫ਼ ਲੱਕੀ ਨੇ ਹੀ ਵਿੱਕੀ ਮਿੱਡੂਖੇੜਾ ਦਾ ਕਤਲ ਕੌਸ਼ਲ ਚੌਧਰੀ ਨੇ ਮਨਡੋਲੀ ਜੇਲ੍ਹ ਵਿੱਚ ਬੰਦ ਅਮਿਤ ਡਾਗਰ ਦੀ ਮਦਦ ਨਾਲ ਸੱਜਣ ਉਰਫ਼ ਭੋਲਾ ਵਾਸੀ ਬਿਸਾਨ ਜ਼ਿਲ੍ਹਾ ਝੱਜਰ (ਹਰਿਆਣਾ) ਅਤੇ ਅਨਿਲ ਉਰਫ਼ ਲੱਠ ਵਾਸੀ ਕਕਰੋਲਾ ਦਵਾਰਕਾ (ਦਿੱਲੀ) ਰਾਹੀਂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਕੌਸ਼ਲ ਚੌਧਰੀ ਤੇ ਅਮਿਤ ਡਾਗਰ ਦੋਵਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ ਗਏ ਸਨ ਤੇ ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਇਸ ਸਮੇਂ ਪੁਲੀਸ ਰਿਮਾਂਡ ’ਤੇ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛ-ਪੜਤਾਲ ਦੌਰਾਨ ਇਸ ਕੇਸ ਵਿੱਚ ਹੋਰ ਤੱਥ ਸਾਹਮਣੇ ਆਉਣ ਦੀ ਆਸ ਹੈ ਤੇ ਅਮਿਤ ਡਾਗਰ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਡਾਗਰ ਤਿਹਾੜ ਜੇਲ੍ਹ ਵਿੱਚ ਬੰਦ ਹੈ।