ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਜਨਵਰੀ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਰੈਂਪਟਨ (ਕੈਨੇਡਾ) ਪੜ੍ਹਾਈ ਲਈ ਗਏ ਵਿਦਿਆਰਥੀਆਂ ਦੇ ਅਲਗੋਮਾ ਯੂਨੀਵਰਸਿਟੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਛੇਵੇਂ ਦਿਨ ਬੂਰ ਪੈ ਗਿਆ ਹੈ। ਸੰਘਰਸ਼ ਵਿੱਚ ਸ਼ਾਮਲ ਵਿਦਿਆਰਥੀਆਂ ਮੁਤਾਬਕ ਯੂਨੀਵਰਸਿਟੀ 132 ਵਿੱਚੋਂ ਸੌ ਵਿਦਿਆਰਥੀਆਂ ਨੂੰ ਪਾਸ ਕਰਨ ’ਤੇ ਸਹਿਮਤ ਹੋ ਗਈ ਹੈ। ਬਾਕੀ ਰਹਿੰਦੇ 32 ਵਿਦਿਆਰਥੀਆਂ ਬਾਰੇ ਸ਼ੁੱਕਰਵਾਰ ਤੱਕ ਫ਼ੈਸਲਾ ਹੋਵੇਗਾ। ਇਨ੍ਹਾਂ ਵਿੱਚੋਂ ਕਈਆਂ ਨੂੰ ਮੁੜ ਪੇਪਰ ਦੇਣ ਦਾ ਮੌਕਾ ਮਿਲ ਸਕਦਾ ਹੈ ਪਰ ਆਖ਼ਰੀ ਫ਼ੈਸਲਾ ਸ਼ੁੱਕਰਵਾਰ ਨੂੰ ਹੋਵੇਗਾ। ਵਿਦਿਆਰਥੀ ਆਗੂ ਮਨਦੀਪ ਸਿੰਘ ਸੱਦੋਵਾਲ, ਮਨਪ੍ਰੀਤ ਕੌਰ ਲੌਂਗੋਵਾਲ, ਹਰਿੰਦਰ ਮਹਿਰੋਕ ਤੇ ਖੁਸ਼ਪਾਲ ਗਰੇਵਾਲ ਨੇ ਸੰਘਰਸ਼ ਵਿੱਚ ਸਾਥ ਦੇਣ ਵਾਲੇ ਵਿਦਿਆਰਥੀਆਂ, ਪੰਜਾਬੀਆਂ ਅਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸੰਘਰਸ਼ ਦੀ ਜਿੱਤ ਹੋ ਗਈ ਹੈ ਪਰ ਇਹ ਅਧੂਰੀ ਹੈ ਜਿਸ ਕਰਕੇ ਸ਼ੁੱਕਰਵਾਰ ਨੂੰ ਅੰਤਿਮ ਫ਼ੈਸਲਾ ਆਉਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਸ ਦਿਨ ਸਹਿਮਤੀ ਬਣਨ ਅਤੇ ਸਮਝੌਤਾ ਸਿਰੇ ਚੜ੍ਹਨ ’ਤੇ ਜੇਤੂ ਰੈਲੀ ਕਰਕੇ ਸੰਘਰਸ਼ ਦੀ ਸਮਾਪਤੀ ਹੋਵੇਗੀ। ਬੀਤੇ ਦਿਨ ਸੰਘਰਸ਼ ਕਰ ਰਹੇ ਇਨ੍ਹਾਂ ਵਿਦਿਆਰਥੀਆਂ ਨੇ ਰੋਸ ਮਾਰਚ ਵੀ ਕੀਤਾ ਸੀ। ਇਹ ਸਾਰੇ ਪਿਛਲੇ ਛੇ ਦਿਨ ਤੋਂ ਕੜਾਕੇ ਦੀ ਠੰਢ ਵਿੱਚ ਧਰਨੇ ’ਤੇ ਡਟੇ ਹੋਏ ਹਨ। ਇਨ੍ਹਾਂ ਵਿਦਿਆਰਥੀ ਆਗੂਆਂ ਅਤੇ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਵਰੁਣ ਖੰਨਾ ਨੇ ਦੋਸ਼ ਲਾਇਆ ਸੀ ਕਿ ਯੂਨੀਵਰਸਿਟੀ ਨੇ ਜਾਣਬੁੱਝ ਕੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੇਲ੍ਹ ਕੀਤਾ ਤਾਂ ਜੋ ਮੁੜ ਫ਼ੀਸਾਂ ਉਗਰਾਹੀਆਂ ਜਾ ਸਕਣ। ਇਸ ਸਬੰਧ ਵਿੱਚ ਕੈਨੇਡਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਈਮੇਲ ਕਰਕੇ ਹਮਾਇਤ ਮੰਗੀ ਗਈ ਸੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਆਈਟੀ ਦੇ ਗਰੈਜੂਏਸ਼ਨ ਕੋਰਸ ਵਿੱਚ ਕੁੱਲ ਦਸ ਵਿਸ਼ੇ ਹਨ, ਜਿਨ੍ਹਾਂ ਵਿੱਚੋਂ ਨੌਂ ਵਿਸ਼ਿਆਂ ਵਿੱਚੋਂ ਪਾੜ੍ਹੇ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ। ‘ਟੈਕਨੀਕਸ ਆਫ਼ ਸਿਸਟਮ ਐਨਾਲਿਸਟ’ ਦੇ ਪ੍ਰੈਕਟੀਕਲ ਵਿੱਚੋਂ ਵੀ ਚੰਗੇ ਅੰਕ ਹਾਸਲ ਕੀਤੇ ਹਨ ਪਰ ਇਸ ਵਿਸ਼ੇ ਦੇ ਥਿਊਰੀ ਵਾਲੇ ਪੇਪਰ ਵਿੱੱਚੋਂ ‘ਸਾਜਿਸ਼ੀ’ ਢੰਗ ਨਾਲ ਜਾਣਬੁੱਝ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਫੇਲ੍ਹ ਕਰ ਦਿੱਤਾ ਗਿਆ।