ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 20 ਜੁਲਾਈ
ਸੂਬੇ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਅਤੇ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਕੁਇਕ ਰਿਸਪਾਂਸ (ਕਿਊਆਰ) ਕੋਡ ਆਧਾਰਤ ਟਰੈਕ ਅਤੇ ਟਰੇਸ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਫੀਕਲ ਸਲੱਜ ਅਤੇ ਸੈਪਟੇਜ਼ ਮੈਨੇਜਮੈਂਟ (ਐੱਫਐੱਸਐੱਸਐੱਮ) ਲਾਗੂ ਕਰਨ ਲਈ ਤਕਨੀਕੀ ਸਹਾਇਤਾ ਇਕਾਈ (ਟੀਐੱਸਯੂ) ਸਥਾਪਤ ਕੀਤੀ ਜਾਵੇਗੀ। ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇਥੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਦੀ ਕਾਰਜਕਾਰੀ ਕਮੇਟੀ ਦੀ 157ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਆਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ ਵੱਖ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ, ਜਿਨ੍ਹਾਂ ਵਿੱਚੋਂ ਕਈ ਜਨਤਕ ਪ੍ਰਾਈਵੇਟ ਭਾਈਵਾਲੀ ਤਹਿਤ ਲਾਗੂ ਕੀਤੇ ਜਾ ਰਹੇ ਹਨ, ਦੀ ਸਮੀਖਿਆ ਵੀ ਕੀਤੀ।
ਸਬੰਧਤ ਅਧਿਕਾਰੀਆਂ ਨੂੰ ਸੂਬੇ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਅਤੇ ਤਸਕਰੀ ਨੂੰ ਰੋਕਣ ਲਈ ਚੌਕਸ ਰਹਿਣ ਦੇ ਨਿਰਦੇਸ਼ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਕਿਊਆਰ ਕੋਡ ਆਧਾਰਤ ਟਰੈਕ ਅਤੇ ਟਰੇਸ ਪ੍ਰਣਾਲੀ ਜਨਤਕ ਨਿੱਜੀ ਭਾਈਵਾਲੀ (ਪੀਪੀਪੀ) ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ, ਜੋ ਸ਼ਰਾਬ ਉਤਪਾਦਨ ਤੇ ਸਪਲਾਈ ਦੀ ਰੀਅਲ ਟਾਈਮ ਡਾਟਾ ਮੌਨੀਟਰਿੰਗ ਅਤੇ ਤਸਦੀਕ ਰਾਹੀਂ ਨਾਜਾਇਜ਼ ਅਤੇ ਨਕਲੀ ਸ਼ਰਾਬ ’ਤੇ ਤਿੱਖੀ ਨਜ਼ਰ ਰੱਖਣ ਵਿੱਚ ਮਦਦਗਾਰ ਹੋਵੇਗੀ। ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਸ੍ਰੀਮਤੀ ਮਹਾਜਨ ਨੇ ਸਬੰਧਤ ਵਿਭਾਗਾਂ ਨੂੰ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਪੀਆਈਡੀਬੀ ਕਾਰਜਕਾਰੀ ਕਮੇਟੀ ਨੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਤੀਜੇ ਪੜਾਅ ਲਈ 300 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਪ੍ਰਵਾਨਗੀ ਦਿੱਤੀ। ਸੰਗਰੂਰ ਕੋਠੀ, ਦਰਬਾਰ ਹਾਲ ਅਤੇ ਗੋਲ ਕੋਠੀ, ਕਪੂਰਥਲਾ, ਰਣ ਬਾਸ ਅਤੇ ਕਿਲਾ ਮੁਬਾਰਕ, ਪਟਿਆਲਾ ਵਿਖੇ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਮੁਹਾਲੀ ਅਤੇ ਅੰਮਿ੍ਤਸਰ ਵਿਖੇ ਕ੍ਰਮਵਾਰ 6 ਏਕੜ ਅਤੇ 8.26 ਏਕੜ ਵਿੱਚ ਕਮਰਸ਼ੀਅਲ-ਕਮ-ਕਨਵੈਨਸ਼ਨ ਸੈਂਟਰ ਦੇ ਪ੍ਰਾਜੈਕਟਾਂ ਨੂੰ ਸੋਧੇ ਹੋਏ ਮਾਪਦੰਡਾਂ ਨਾਲ ਪ੍ਰਵਾਨਗੀ ਦਿੱਤੀ ਗਈ। ਰਣਜੀਤ ਸਾਗਰ ਝੀਲ ਦੇ ਆਸਪਾਸ ਈਕੋ ਟੂਰਿਜ਼ਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਇਸ ਦੌਰਾਨ ਮਾਲ ਰੋਡ ਪਟਿਆਲਾ ਵਿਖੇ ਪੀਡਬਲਿਊਡੀ ਹੈੱਡਕੁਆਰਟਰ ਦੀ ਪੁਰਾਣੀ ਇਮਾਰਤ ਨੂੰ ਪੀਪੀਪੀ ਆਧਾਰ ’ਤੇ ਹੈਰੀਟੇਜ ਹੋਟਲ ਵਜੋਂ ਵਿਕਸਿਤ ਕਰਨ ਅਤੇ ਲੁਧਿਆਣਾ ਵਿਖੇ ਬਹੁ-ਮੰਜ਼ਿਲਾ ਕਾਰ ਪਾਰਕਿੰਗ ਅਤੇ ਦਫ਼ਤਰ ਦੀ ਜਗ੍ਹਾ ਤੋਂ ਇਲਾਵਾ ਪਟਿਆਲਾ ਵਿਖੇ ਪੀਪੀਪੀ ਆਧਾਰ ’ਤੇ ਬਹੁ-ਮੰਜ਼ਿਲਾ ਕਾਰ ਪਾਰਕਿੰਗ ਨਾਲ ਕਮਰਸ਼ੀਅਲ ਡਿਵੈਲਪਮੈਂਟ ਸਪੇਸ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ।