ਰਾਕੇਸ਼ ਸੈਣੀ
ਨੰਗਲ 2 ਮਈ
ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਦੇ ਅਧਿਆਪਕ ਰਵਿੰਦਰ ਸਿੰਘ ਵੱਲੋਂ ਆਪਣੇ ਕੋਲੋਂ ਅਤੇ ਲੋਕਾਂ ਦਾ ਸਹਿਯੋਗ ਨਾਲ ਲੱਖਾਂ ਰੁਪਏ ਖਰਚ ਕੇ ਸਕੂਲ ਦੀ ਨੁਹਾਰ ਬਦਲੀ ਗਈ ਹੈ।
ਸਕੂਲ ਮੁਖੀ ਅਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਪਰਮਿੰਦਰ ਕੌਰ ਦੁਆ ਨੇ ਦੱਸਿਆ ਕਿ ਅਧਿਆਪਕ ਰਵਿੰਦਰ ਸਿੰਘ ਸੰਨ 2000 ਵਿੱਚ ਕਥੇੜਾ ਵਿੱਚ ਤਾਇਨਾਤ ਹੋਏ ਸਨ, ਜਿਸ ਮਗਰੋਂ ਉਨ੍ਹਾਂ ਨੇ 2009 ਵਿਚ ਸਕੂਲ ਦੇ ਪਿੱਛੇ ਸਤਲੁਜ ਦਰਿਆ ਦੇ ਕੰਢੇ ’ਤੇ ਪੱਥਰ ਦਾ ਡੰਗਾ ਲਗਵਾਇਆ ਜਿਸ ਦੀ ਲਾਗਤ 5 ਲੱਖ ਵਿੱਚੋਂ 4 ਲੱਖ ਇਸ ਅਧਿਆਪਕ ਵੱਲੋਂ ਆਪਣੇ ਕੋਲੋਂ ਖਰਚੇ ਗਏ। ਬਾਅਦ ’ਚ ਉਨ੍ਹਾਂ ਨੇ 7 ਲੱਖ ਦੀ ਲਾਗਤ ਨਾਲ 2 ਕਮਰੇ ਤੇ ਇਕ ਵਰਾਂਡਾ, ਫਿਰ ਅੰਗਰੇਜ਼ੀ ਅਤੇ ਐੱਸ ਐੱਸ ਲੈਬ ਲਈ ਕਮਰੇ ਦੀ ਉਸਾਰੀ ਅਤੇ ਫਿਰ ਸਾਇੰਸ ਲੈਬ ਲਈ ਰਾਸ਼ੀ ਆਪਣੇ ਕੋਲ ਤੋਂ ਖਰਚੀ ਗਈ। ਉਨ੍ਹਾਂ ਦੱਸਿਆ ਕਿ ਇਸ ਅਧਿਆਪਕ ਵਲੋਂ 2018 ਵਿਚ ਸਟੇਟ ਐਵਾਰਡ ਵੀ ਮਿਲ ਚੁੱਕਾ ਹੈ। ਇਸ ਅਧਿਆਪਕ ਵਲੋਂ ਬੇਲਾ ਧਿਆਨੀ ਸਕੂਲ ਲਈ ਵੀ ਪੇਵਰ ਅਤੇ ਚਿਤਰਕਲਾ ਦੀ ਸੇਵਾ ਕੀਤੀ ਗਈ। ਫੂਲ ਖੁਰਦ ਦੇ ਜੰਮਪਲ ਅਤੇ ਸ਼ਿਵਾਲਿਕ ਐਵੀਨਿਊ ਵਿੱਚ ਰਹਿਣ ਵਾਲੇ ਅਧਿਆਪਕ ਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੇਵਾ ਕਰਨ ਦੀ ਇਹ ਗੁੜਤੀ ਬਾਬਾ ਸ਼ਾਦੀ ਸਿੰਘ ਕੋਟ ਪੁਰਾਣ ਰੋਪੜ ਵਾਲਿਆਂ ਤੋਂ ਮਿਲੀ, ਜਿਸ ਸਦਕਾ ਉਨ੍ਹਾਂ ਦਾ ਧਿਆਨ ਸੇਵਾ ਵੱਲ ਰਹਿੰਦਾ ਹੈ।