ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਜੂਨ
ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਪੂਰੇ ਉੱਤਰੀ ਭਾਰਤ ਵਿੱਚ ਅੱਜ ਗਰਮੀ ਦਾ ਕਹਿਰ ਜਾਰੀ ਰਿਹਾ। ਇਨ੍ਹਾਂ ਖੇਤਰਾਂ ਵਿਚ ਲੂ ਚੱਲਣ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਅੱਜ ਪੰਜਾਬ ਦਾ ਤਾਪਮਾਨ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਤੇ ਕਈ ਥਾਵਾਂ ’ਤੇ ਇਹ 46 ਡਿਗਰੀ ਸੈਲਸੀਅਸ ਤੋਂ ਵੀ ਟੱਪ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦਾ ਪਠਾਨਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀ ਸ਼ਿਵੰਦਰ ਸਿੰਘ ਦਾ ਕਹਿਣਾ ਹੈ ਕਿ ਉੱਤਰ ਭਾਰਤ ਵਿੱਚ ਅਗਲੇ ਹਫ਼ਤੇ ਪ੍ਰੀ ਮੌਨਸੂਨ ਅਤੇ ਜੂਨ ਦੇ ਅਖੀਰ ਵਿੱਚ ਮੌਨਸੂਨ ਦੇ ਐਕਟਿਵ ਹੋਣ ਤੋਂ ਬਾਅਦ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਮੌਸਮ ਵਿਭਾਗ ਨੇ 15 ਜੂਨ ਤੱਕ ਗਰਮੀ ਦਾ ਕਹਿਰ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ 12 ਤੇ 13 ਜੂਨ ਨੂੰ ਗਰਮੀ ਪੈਣ ਸਬੰਧੀ ਔਰੇਂਜ ਅਤੇ 14 ਤੇ 15 ਜੂਨ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਵੀ ਟੱਪ ਸਕਦਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਤਾਪਮਾਨ ਵਧਣ ਕਰਕੇ ਕਈ ਵਾਰ ਬੱਦਲਵਾਈ ਹੋ ਸਕਦੀ ਹੈ ਪਰ ਉਸ ਨਾਲ ਗਰਮੀ ਤੋਂ ਰਾਹਤ ਨਹੀਂ ਮਿਲੇਗੀ।