ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 6 ਮਈ
ਪਿੰਡ ਹਰੀਨੌਂ ਵਿੱਚ ਅੱਜ ਸਵੇਰੇ 30 ਸਕੂਲੀ ਬੱਚਿਆਂ ਨੂੰ ਪ੍ਰੀਖਿਆ ਕੇਂਦਰ ਲਿਜਾ ਰਿਹਾ ਵਾਹਨ (ਛੋਟਾ ਹਾਥੀ) ਅਚਾਨਕ ਪਲਟ ਗਿਆ, ਜਿਸ ਕਾਰਨ 15 ਵਿਦਿਆਰਥੀ ਜ਼ਖ਼ਮੀ ਹੋ ਗਏ। ਇਹ ਬੱਚੇ ਸਰਕਾਰੀ ਹਾਈ ਸਕੂਲ ਕੋਹਾਰਵਾਲਾ ਦੇ ਵਿਦਿਆਰਥੀ ਹਨ। ਜਾਣਕਾਰੀ ਅਨੁਸਾਰ ਦਸਵੀਂ ਦੀ ਪ੍ਰੀਖਿਆ ਦਾ ਕੇਂਦਰ ਸਰਕਾਰੀ ਹਾਈ ਸਕੂਲ ਰੋੜੀਕਪੂਰਾ ਵਿੱਚ ਬਣਾਇਆ ਗਿਆ ਹੈ। ਅੱਜ ਇਹ ਬੱਚੇ ਪੰਜਾਬੀ ਦਾ ਪੇਪਰ ਦੇਣ ਲਈ ਕਿਰਾਏ ’ਤੇ ਛੋਟਾ ਹਾਥੀ ਕਰਕੇ ਸਰਕਾਰੀ ਹਾਈ ਸਕੂਲ ਰੋੜੀਕਪੂਰਾ ਜਾ ਰਹੇ ਸਨ ਪਰ ਪਿੰਡ ਹਰੀਨੌਂ ਵਿੱਚ ਸੰਤੁਲਨ ਵਿਗੜਨ ਕਰਕੇ ਵਾਹਨ ਪਲਟ ਗਿਆ, ਜਿਸ ਕਾਰਨ ਇਸ ਵਿੱਚ ਸਵਾਰ 30 ਵਿਦਿਆਰਥੀਆਂ ਵਿੱਚੋਂ 15 ਬੱਚਿਆਂ ਅਤੇ ਡਰਾਈਵਰ ਦੇ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ।
ਇੱਕ ਪੀੜਤ ਬੱਚੇ ਦੀ ਮਾਂ ਸਰਬਜੀਤ ਕੌਰ ਅਨੁਸਾਰ ਉਸ ਦਾ ਬੱਚਾ ਘਰੋਂ ਪੇਪਰ ਦੇਣ ਲਈ ਸਕੂਲ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਵਾਹਨ ਉਨ੍ਹਾਂ ਨੂੰ ਸਕੂਲ ਵੱਲੋਂ ਕਰਵਾ ਕੇ ਦਿੱਤਾ ਗਿਆ ਸੀ ਅਤੇ ਉਨ੍ਹਾਂ ਕੋਲੋਂ ਪ੍ਰਤੀ ਬੱਚਾ 200-200 ਰੁਪਏ ਵਸੂਲੇ ਗਏ ਸਨ। ਮਾਪਿਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਕੇਂਦਰ ਨੇੜੇ ਬਣਾਏ ਜਾਣ ਅਤੇ ਵਿਦਿਆਰਥੀਆਂ ਦੇ ਠੀਕ ਹੋਣ ਮਗਰੋਂ ਇਨ੍ਹਾਂ ਦਾ ਪੇਪਰ ਲਿਆ ਜਾਵੇ। ਸਰਕਾਰੀ ਹਾਈ ਸਕੂਲ ਕੋਹਾਰਵਾਲਾ ਦੇ ਪ੍ਰਿੰਸੀਪਲ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਹਨ। ਸਕੂਲ ਵੱਲੋਂ ਕੁੱਲ 30 ਕੁੜੀਆਂ ਅਤੇ 30 ਮੁੰਡਿਆਂ ਨੂੰ ਛੋਟੇ ਹਾਥੀ ਰਾਹੀਂ ਪ੍ਰੀਖਿਆ ਕੇਂਦਰ ਭੇਜਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਛੋਟੇ ਹਾਥੀ ਰਾਹੀਂ ਹੀ ਵਿਦਿਆਰਥੀ ਪ੍ਰੀਖਿਆ ਕੇਂਦਰ ਭੇਜੇ ਜਾਂਦੇ ਹਨ। ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਮਾਪਿਆਂ ਤੋਂ ਕੋਈ ਪੈਸਾ ਨਹੀਂ ਲਿਆ ਗਿਆ ਸੀ।
ਐੱਐੱਸਪੀ ਨੇ ਜ਼ਖ਼ਮੀਆਂ ਦਾ ਹਾਲ ਪੁੱਛਿਆ
ਘਟਨਾ ਬਾਰੇ ਪਤਾ ਲੱਗਦਿਆਂ ਹੀ ਜ਼ਿਲ੍ਹਾ ਪੁਲੀਸ ਮੁਖੀ ਫ਼ਰੀਦਕੋਟ ਅਵਨੀਤ ਕੌਰ ਸੰਧੂ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਡਰਾਈਵਰ ਸਣੇ 16 ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇਕ ਡਰਾਈਵਰ ਅਤੇ ਇੱਕ ਵਿਦਿਆਰਥੀ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛੋਟੇ ਹਾਥੀ ਵਿੱਚ ਬੱਚਿਆਂ ਨੂੰ ਪ੍ਰੀਖਿਆ ਕੇਂਦਰ ਲਿਜਾਣਾ ਕਾਨੂੰਨ ਤੌਰ ’ਤੇ ਸਹੀ ਨਹੀਂ ਹੈ ਪਰ ਇਨ੍ਹਾਂ ਨੂੰ ਮਾਪਿਆਂ ਦੀ ਸਹਿਮਤੀ ਨਾਲ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।