ਬਲਵਿੰਦਰ ਰੈਤ
ਨੂਰਪੁਰ ਬੇਦੀ, 28 ਜੂਨ
ਬਰਸਾਤ ਦੇ ਪਹਿਲੇ ਮੀਂਹ ਕਾਰਨ ਬੀਤੀ ਰਾਤ ਕਲਵਾਂ ਮੌੜ ਤੋਂ ਨੰਗਲ ਜਾਣ ਵਾਲੀ ਮੇਨ ਸੜਕ ’ਤੇ ਐਲਗਰਾਂ ਨਜ਼ਦੀਕ ਸੁਆਂ ਨਦੀ ’ਤੇ ਬਣਾਇਆ ਆਰਜ਼ੀ ਪੁਲ ਰੁੜ੍ਹ ਦਿੱਤਾ। ਪੁਲ ਦੇ ਰੁੜ੍ਹਨ ਕਾਰਨ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਹੋ ਗਈ ਹੈ। ਨੰਗਲ ਤੇ ਹਿਮਾਚਲ ਪ੍ਰਦੇਸ਼ ਤੇ ਖੇਤਰਾਂ ਨੂੰ ਜਾਣ ਵਾਲੇ ਰਾਹਗੀਰ ਸ੍ਰੀ ਆਨੰਦਪੁਰ ਸਾਹਿਬ ਜਾਂ ਫਿਰ ਖੇੜਾ ਕਲਮੋਟ ਹੋ ਕੇ ਬਾਥੜੀ ਰਸਤੇ ਰਾਹੀਂ ਆਪਣਾ ਸਫਰ ਤੈਅ ਕਰਨਗੇ। ਇਸ ਪੁਲ ਦੇ ਟੁੱਟਣ ਨਾਲ ਕਾਲਜਾਂ ਅਤੇ ਆਈਟੀਆਈ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਦੂਜੇ ਪਾਸੇ ਐਲਗਰਾਂ ਸੁਆਂ ਨਦੀ ’ਤੇ ਪਾਇਆ ਗਿਆ ਪੱਕਾ ਪੁਲ ਅਸੁਰੱਖਿਅਤ ਹੋਣ ਕਾਰਨ ਮੁਰੰਮਤ ਹੋਣ ਤੱਕ ਬੰਦ ਕਰ ਦਿੱਤਾ ਗਿਆ ਹੈ। ਪੀਡਲਯੂਡੀ ਵਿਭਾਗ ਦੇ ਜੇਈ ਬਲਵਿੰਦਰ ਨੇ ਦੱਸਿਆ ਕਿ ਨਦੀ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਪੁਲ ਦੇ ਪੰਜ ਪਿੱਲਰਾਂ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਕਰ ਕੇ ਪੁਲ ਤੋਂ ਭਾਰੀ ਵਾਹਨ ਬੰਦ ਕੀਤੇ ਗਏ ਹਨ। ਲੋਕਾਂ ਵੱਲੋਂ ਆਪ ਉਦਮ ਨਾਲ ਇਸ ਦੇ ਨਜ਼ਦੀਕ ਨਦੀ ’ਤੇ ਆਰਜ਼ੀ ਪੁਲ ਬਣਾ ਕੇ ਆਵਾਜਾਈ ਬਹਾਲ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਇਸ ਪੁਲ ਨੂੰ ਦਸੰਬਰ ਮਹੀਨੇ ਵਿੱਚ ਬੰਦ ਕੀਤਾ ਗਿਆ ਸੀ ਪਰ ਪੁਲ ਦੀ ਮੁਰੰਮਤ ਲਈ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਹ ਪੱਕਾ ਪੁਲ ਇਲਾਕੇ ਲਈ ਅਹਿਮ ਸਮਝਿਆ ਜਾਂਦਾ ਹੈ, ਜਿਸ ਦੇ ਬੰਦ ਹੋਣ ਨਾਲ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਇਸ ਪੁਲ ਦੀ ਮੁਰੰਮਤ ਨੂੰ ਲੈ ਕੇ ਸੰਘਰਸ਼ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਸਮਾਜ ਸੇਵੀ ਅਤੇ ਕੌਮੀ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਦਾ ਕਹਿਣਾ ਹੈ ਕਿ ਇਹ ਪੁਲ ਨਾਜ਼ਾਇਜ਼ ਮਾਈਨਿੰਗ ਦੀ ਭੇਟ ਚੜ੍ਹਿਆ ਹੈ।
ਤਿੰਨ ਮਹੀਨੇ ਆਵਾਜਾਈ ਰਹੇਗੀ ਬੰਦ
ਬਰਸਾਤ ਦੇ ਮੌਸਮ ਵਿੱਚ ਸੁਆਂ ਨਦੀ ਵਿੱਚ ਹਿਮਾਚਲ ਪ੍ਰਦੇਸ਼ ਤੇ ਖੇਤਰਾਂ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਸਤੰਬਰ ਤੱਕ ਆਵਾਜਾਈ ਬੰਦ ਰਹਿਣ ਦੀ ਸੰਭਾਵਨਾ ਹੈ। ਜੇ ਪੁਲ ਦੀ ਮੁਰੰਮਤ ਸ਼ੁਰੂ ਹੋ ਜਾਂਦੀ ਹੈ ਤਾਂ ਆਵਾਜਾਈ ਪਹਿਲਾਂ ਵਾਂਗ ਬਹਾਲ ਹੋ ਸਕਦੀ ਹੈ। ਸੂਤਰਾਂ ਮੁਤਾਬਕ ਇਸ ਪੁਲ ਦੀ ਮੁਰੰਮਤ ਲਈ ਅਜੇ ਤੱਕ ਕੋਈ ਬਜਟ ਨਹੀਂ ਆਇਆ ਹੈ, ਜਿਸ ਕਾਰਨ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।