ਖੇਤਰੀ ਪ੍ਰਤੀਨਿਧ
ਸਨੌਰ, 27 ਅਪਰੈਲ
ਹੋਰਨਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦੀ ‘ਆਪ’ ਵਿੱਚ ਸਿੱਧੀ ਸ਼ਮੂਲੀਅਤ ’ਤੇ ਰੋਕ ਲਗਾ ਦਿੱਤੀ ਗਈ ਹੈ। ਉਂਜ ਅਜਿਹੀ ਸ਼ਮੂਲੀਅਤ ਹੁਣ ਸਥਾਨਕ ਪੱਧਰ ਦੇ ਸੰਗਠਨ ਦੀ ਹਾਮੀ ਭਰਨ ’ਤੇ ਹੀ ਹੋ ਸਕੇਗੀ। ਹਾਈ ਕਮਾਨ ਨੇ ਇਹ ਫ਼ੈਸਲਾ ਸਰਕਾਰ ਬਣਨ ਮਗਰੋਂ ਹੋਰਨਾਂ ਪਾਰਟੀਆਂ ਦੇ ਆਗੂਆਂ ਤੇ ਕਾਰਕੁਨਾਂ ਦੇ ‘ਆਪ’ ਵਿੱਚ ਸ਼ਾਮਲ ਹੋਣ ਕਾਰਨ ‘ਆਪ’ ਵਰਕਰਾਂ ’ਚ ਫੈਲੀ ਨਿਰਾਸ਼ਾ ਨੂੰ ਮੱਦੇਨਜ਼ਰ ਲਿਆ ਹੈ। ਇੱਥੇ ਅੱਜ ਇਹ ਜਾਣਕਾਰੀ ‘ਆਪ’ ਦੇ ਸੂਬਾਈ ਬੁਲਾਰੇ ਤੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ‘ਆਪ’ ਦੀ ਸਰਕਾਰ ਬਣਨ ਮਗਰੋਂ ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਪਾਰਟੀ ’ਚ ਵੱਡੀ ਗਿਣਤੀ ’ਚ ਹੋ ਰਹੇ ਰਲੇਵੇਂ ਵਿਰੁੱਧ ਪਾਰਟੀ ਵਾਲੰਟੀਅਰਾਂ ਵੱਲੋਂ ਹਾਈਕਮਾਨ ਕੋਲ ਰੋਸ ਜ਼ਾਹਰ ਕੀਤਾ ਗਿਆ ਸੀ। ਇੰਦਰਜੀਤ ਸੰਧੂ ਨੇ ਦੱਸਿਆ ਕਿ ਹਾਈ ਕਮਾਨ ਨੇ ਫੈ਼ਸਲਾ ਕੀਤਾ ਹੈ ਕਿ ਹੁਣ ਸਬੰਧਿਤ ਖੇਤਰ ਦੇ ਸੰਗਠਨ ਦੀ ਹਾਮੀ ਭਰਨ ਮਗਰੋਂ ਹੀ ਹੋਰ ਪਾਰਟੀ ਦੇ ਕਿਸੇ ਵਰਕਰ ਨੂੰ ’ਆਪ’ ਵਿੱਚ ਸ਼ਾਮਲ ਕੀਤਾ ਜਾਵੇਗਾ।